ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/30

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਪਣੇ ਚੋਲੇ ਦੇ ਪੱਲੇ ਹਟਾਏ, ਜਾਂਘੀਆ ਪਾਈ ਆਪਣੀਆਂ ਤਰਸਯੋਗ ਲੱਤਾਂ ਵੱਲ ਵੇਖਿਆ ਤੇ ਮੁਸਕਰਾ ਪਿਆ।

ਇਸ ਤੋਂ ਪਿਛੋਂ ਉਸਨੇ ਲੱਤਾਂ ਨੂੰ ਢੱਕ ਲਿਆ, ਪ੍ਰਾਰਥਨਾ ਕਰਨ, ਸਲੀਬ ਬਨਾਉਣ ਤੇ ਸੀਸ ਨਿਵਾਉਣ ਲਗਾ। "ਕੀ ਇਹ ਬਿਸਤਰਾ ਹੀ ਮੇਰੀ ਅਰਥੀ ਬਣੇਗਾ?" ਉਸ ਨੇ ਪ੍ਰਾਰਥਨਾ ਦੇ ਇਹ ਸ਼ਬਦ ਕਹੇ। ਤੇ ਕਿਸੇ ਸ਼ੈਤਾਨ ਨੇ ਜਿਵੇਂ ਉਸਦੇ ਕੰਨ ਵਿਚ ਕਿਹਾ, "ਇਕੱਲਾ ਬਿਸਤਰਾ ਵੀ ਤਾਂ ਅਰਥੀ ਹੀ ਹੈ। ਝੂਠ, ਇਹ ਝੂਠ ਹੈ।" ਉਸਨੂੰ ਆਪਣੀ ਕਲਪਨਾ ਵਿਚ ਉਸ ਵਿਧਵਾ ਦੇ ਮੋਢੇ ਦਿਖਾਈ ਦਿਤੇ, ਜਿਸ ਨਾਲ ਉਸਨੇ ਭੋਗ ਕੀਤਾ ਸੀ। ਉਸਨੇ ਆਪਣੇ ਆਪ ਨੂੰ ਝੰਝੋੜਿਆ ਤੇ ਅੱਗੇ ਪ੍ਰਾਰਥਨਾ ਕਰਨ ਲਗਾ। ਨਿਯਮਾਂ ਦਾ ਪਾਠ ਮੁਕਾ ਕੇ ਉਸਨੇ ਅੰਜੀਲ ਚੁਕੀ, ਉਸ ਨੂੰ ਖੋਲ੍ਹਿਆ ਤੇ ਅਚਾਨਕ ਉਹ ਹੀ ਸਫਾ ਖੁਲ ਗਿਆ, ਜੋ ਬਾਰ ਬਾਰ ਦੁਹਰਾਉਣ ਦੇ ਕਾਰਨ ਉਸਨੂੰ ਜ਼ਬਾਨੀ ਯਾਦ ਹੋ ਚੁਕਾ ਸੀ; "ਮੈਂ ਵਿਸ਼ਵਾਸ ਰਖਦਾ ਹਾਂ, ਪ੍ਰਮਾਤਮਾ, ਮੇਰੀ ਬੇਵਿਸ਼ਵਾਸੀ ਵਿਚ ਮਦਦ ਕਰੋ।" ਉਸਨੇ ਆਪਣੇ ਦਿਲ ਵਿਚ ਪੈਦਾ ਹੋਣ ਵਾਲੇ ਸਾਰੇ ਸ਼ੰਕਿਆਂ ਨੂੰ ਵਾਪਸ ਖਿੱਚ ਲਿਆ ਹੈ। ਜਿਸ ਤਰ੍ਹਾਂ ਸੰਤੁਲਨਹੀਣ ਡਾਂਵਾਂਡੋਲ ਚੀਜ਼ ਨੂੰ ਟਿਕਾਇਆ ਜਾਂਦਾ ਹੈ, ਉਸੇ ਤਰ੍ਹਾਂ ਝੂਲਦੀਆਂ ਟੰਗਾਂ ਵਾਲੀ ਤਿਪਾਈ ਉਤੇ ਆਪਣੇ ਵਿਸ਼ਵਾਸ ਨੂੰ ਟਿਕਾ ਕੇ ਉਹ ਸਾਵਧਾਨੀ ਨਾਲ ਪਿੱਛੇ ਹਟ ਗਿਆ ਤਾਂ ਕਿ ਕਿਤੇ ਉਹ ਠੋਕਰ ਖਾਕੇ ਡਿੱਗ ਨਾ ਜਾਏ। ਮੁੜ ਕੇ ਉਸਨੇ ਆਪਣੀਆਂ ਅੱਖਾਂ ਸਾਮ੍ਹਣੇ ਪਰਦੇ ਖਿੱਚ ਲਏ ਤੇ ਸ਼ਾਂਤ ਹੋ ਗਿਆ। ਉਸਨੇ ਆਪਣੇ ਬਚਪਨ ਦੀ ਪ੍ਰਾਰਥਨਾ ਦੁਹਰਾਈ: "ਪ੍ਰਮਾਤਮਾ, ਮੈਨੂੰ ਆਪਣੀ ਸ਼ਰਨ ਵਿਚ ਲੈ ਲਉ, ਮੈਨੂੰ ਆਪਣੀ ਸ਼ਰਨ ਵਿਚ ਲੈ ਲਉ..." ਤੇ ਇਸ ਨਾਲ ਉਸਦੇ ਮਨ ਨੂੰ ਚੈਨ ਹੀ ਨਹੀਂ ਮਿਲਿਆ, ਸਗੋਂ ਉਹ ਖੁਸ਼ੀ ਨਾਲ ਖੀਵਾ ਹੋ ਉਠਿਆ। ਉਸਨੇ ਸਲੀਬ ਦਾ ਨਿਸ਼ਾਨ ਬਣਾਇਆ ਤੇ ਗਰਮੀਆਂ ਵਾਲਾ ਚੋਲਾ ਆਪਣੇ ਸਿਰ ਹੇਠਾਂ ਰਖਕੇ ਤੰਗ ਜਿਹੀ ਬੈਂਚ ਵਾਲੇ ਆਪਣੇ ਬਿਸਤਰੇ ਉਤੇ ਲੇਟ ਗਿਆ। ਉਸਦੀ ਅੱਖ ਲਗ ਗਈ।

ਕੱਚੀ ਜਿਹੀ ਨੀਂਦ ਵਿਚ ਉਸਨੂੰ ਲੱਗਾ ਜਿਵੇਂ ਉਹ ਘੰਟੀਆਂ ਦੀ ਟਨਟਨਾਹਟ ਸੁਣ ਰਿਹਾ ਸੀ। ਇਹ ਸੁਪਨਾ ਸੀ ਜਾਂ ਅਸਲੀਅਤ, ਉਹ ਇਹ ਨਹੀਂ ਜਾਣ ਸਕਿਆ ਸੀ। ਪਰ ਇਸੇ ਵੇਲੇ ਦਰਵਾਜ਼ੇ ਉਤੇ ਦਸਤਕ ਹੋਈ ਤੇ ਉਹ ਪੂਰੀ ਤਰ੍ਹਾਂ ਜਾਗ ਪਿਆ। ਆਪਣੇ ਕੰਨਾਂ ਉਤੇ ਵਿਸ਼ਵਾਸ ਨਾ ਕਰਦਾ ਹੋਇਆ ਉਹ ਉਠਿਆ। ਦੁਬਾਰਾ ਦਸਤਕ ਹੋਈ। ਹਾਂ, ਇਹ ਤਾਂ ਨਜ਼ਦੀਕ ਹੀ; ਉਸੇ ਦੇ ਦਰਵਾਜ਼ੇ ਉਤੇ ਹੀ ਦਸਤਕ ਹੋਈ ਸੀ, ਤੇ ਕਿਸੇ ਔਰਤ ਦੀ ਆਵਾਜ਼ ਵੀ ਸੁਣਾਈ ਦਿਤੀ।

"ਹੇ ਪ੍ਰਮਾਤਮਾ! ਮਹਾਤਮਾਵਾਂ ਦੀਆਂ ਜੀਵਨੀਆਂ ਵਿਚ ਮੈਂ ਪੜ੍ਹਿਆ ਹੋਇਆ ਹੈ ਕਿ ਸ਼ੈਤਾਨ ਨਾਰੀ ਦਾ ਰੂਪ ਧਾਰ ਕੇ ਆਉਂਦਾ ਹੈ, ਤਾਂ ਕੀ ਇਹ ਸੱਚ ਹੋ ਸਕਦੈ? ਹਾਂ, ਇਹ ਆਵਾਜ਼ ਤਾਂ ਕਿਸੇ ਨਾਰੀ ਦੀ ਹੀ ਹੈ। ਕੋਮਲ, ਸਹਿਮੀ ਤੇ ਪਿਆਰੀ ਜਿਹੀ ਆਵਾਜ਼! ਥੂ!" ਉਸ ਨੇ ਥੁੱਕਿਆ। "ਨਹੀਂ; ਨਹੀਂ; ਮੈਨੂੰ ਇਹ ਭਰਮ ਲਗ ਰਿਹੈ,"

24