ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/32

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਸਦੇ ਚਿਹਰੇ ਤੇ ਬਿਲਕੁਲ ਪਾਸ ਹੈ, ਉਸ ਵਲ ਝੁਕੀ ਹੋਈ। ਉਹਨਾਂ ਦੀਆਂ ਅੱਖਾਂ ਮਿਲੀਆਂ ਤੇ ਉਹ ਇਕ ਦੂਸਰੇ ਨੂੰ ਸਮਝ ਗਏ। ਇਸ ਨਜ਼ਰ ਤੋਂ ਪਿਛੋਂ ਕੋਈ ਐਸਾ ਸ਼ੱਕ ਬਾਕੀ ਹੀ ਨਹੀਂ ਰਹਿ ਸਕਦਾ ਸੀ ਕਿ ਇਹ ਕੋਈ ਸਾਧਾਰਨ, ਦਿਆਲੂ ਸੁੰਦਰ ਤੇ ਸਹਿਮੀ ਹੋਈ ਔਰਤ ਨਹੀਂ, ਬਲਕਿ ਕੋਈ ਸ਼ੈਤਾਨ ਹੈ।

"ਕੌਣ ਹੋ ਤੁਸੀਂ? ਕੀ ਚਾਹੁੰਦੇ ਹੋ?" ਉਸਨੇ ਪੁੱਛਿਆ।

"ਓ, ਦਰਵਾਜ਼ਾ ਖੋਹਲੋ ਨਾ," ਮਨਚਲੇ ਤੇ ਹਾਕਮਾਨਾ ਅੰਦਾਜ਼ ਵਿਚ ਉਸਨੇ ਜਵਾਬ ਦਿਤਾ। "ਮੈਂ ਠੰਡੀ-ਯੱਖ ਹੋ ਗਈ ਹਾਂ। ਕਹਿ ਤਾਂ ਰਹੀ ਹਾਂ ਕਿ ਰਸਤਾ ਭੁੱਲ ਗਈ ਹਾਂ।"

"ਪਰ ਮੈਂ ਤਾਂ ਸਾਧੂ ਹਾਂ, ਏਕਾਂਤਵਾਸੀ ਹਾਂ।"

"ਖੋਹਲ ਵੀ ਦਿਉ ਨਾ ਦਰਵਾਜ਼ਾ। ਜਾਂ ਤੁਸੀਂ ਇਹ ਚਾਹੁੰਦੇ ਹੋ ਕਿ ਜਦ ਤੱਕ ਤੁਸੀਂ ਪ੍ਰਾਰਥਨਾ ਕਰਦੇ ਰਹੋਗੇ, ਮੈਂ ਤੁਹਾਡੀ ਖਿੜਕੀ ਨਾਲ ਖੜੋਤੀ ਠੰਡੀ-ਯੱਖ ਹੁੰਦੀ ਰਹਾਂ।"

"ਪਰ ਤੁਸੀਂ ਕਿਸ ਤਰ੍ਹਾਂ..."

"ਮੈਂ ਤੁਹਾਨੂੰ ਖਾ ਤਾਂ ਨਹੀਂ ਜਾਵਾਂਗੀ। ਰੱਬ ਦੇ ਵਾਸਤੇ ਮੈਨੂੰ ਅੰਦਰ ਆਉਣ ਦਿਓ। ਮੈਂ ਤਾਂ ਠੰਡ ਨਾਲ ਜਮ ਗਈ ਹਾਂ।"

ਔਰਤ ਖ਼ੁਦ ਵੀ ਭੈ-ਭੀਤ ਹੋ ਉਠੀ ਸੀ। ਉਸ ਨੇ ਲਗਭਗ ਰੋਣਹਾਕੀ ਆਵਾਜ਼ ਵਿਚ ਇਹ ਕਿਹਾ ਸੀ।

ਉਹ ਖਿੜਕੀ ਤੋਂ ਹਟ ਗਿਆ। ਉਸਨੇ ਕੰਡਿਆਂ ਦੇ ਤਾਜ ਵਾਲੀ ਈਸਾ ਮਸੀਹ ਦੀ ਮੂਰਤੀ ਵਲ ਵੇਖਿਆ। "ਹੇ ਪ੍ਰਮਾਤਮਾ ਮੇਰੀ ਸਹਾਇਤਾ ਕਰੋ. ਮੇਰੀ ਸਹਾਇਤਾ ਕਰੋ ਹੇ ਪ੍ਰਮਾਤਮਾ।" ਉਸ ਨੇ ਸਲੀਬ ਦਾ ਨਿਸ਼ਾਨ ਬਣਾਉਂਦੇ ਹੋਏ ਝੁਕ ਕੇ ਸੀਸ ਨਿਵਾਉਂਦੇ ਹੋਏ ਕਿਹਾ, ਦਰਵਾਜ਼ੇ ਵਲ ਵਧਿਆ ਤੇ ਉਹਨੂੰ ਖੋਹਲ ਕੇ ਡਿਉੜੀ ਵਿਚ ਗਿਆ। ਡਿਉੜੀ ਵਿਚ ਉਸਨੇ ਟਟੋਲ ਕੇ ਬਾਹਰ ਦੇ ਦਰਵਾਜ਼ੇ ਦੀ ਕੁੰਡੀ ਨੂੰ ਲਭਿਆ ਤੇ ਉਸਨੂੰ ਖੋਹਲਣ ਲਗਾ। ਬਾਹਰੋਂ ਉਹਨਾਂ ਕਦਮਾਂ ਦੀ ਹੀ ਆਹਟ ਸੁਣਾਈ ਦੇ ਰਹੀ ਸੀ। ਉਹ ਖਿੜਕੀ ਤੋਂ ਹਟਕੇ ਦਰਵਾਜ਼ੇ ਵਲ ਆ ਰਹੀ ਸੀ। 'ਊਈ!" ਉਹ ਅਚਾਨਕ ਚਿੱਲਾਈ। ਉਹ ਸਮਝ ਗਿਆ ਕਿ ਉਸ ਦਾ ਪੈਰ ਦਲਹੀਜ਼ ਦੇ ਪਾਸ ਪਾਣੀ ਨਾਲ ਭਰੇ ਟੋਏ ਵਿਚ ਜਾ ਪਿਆ ਸੀ। ਉਸਦੇ ਹੱਥ ਕੰਬ ਰਹੇ ਸਨ ਤੇ ਦਰਵਾਜ਼ੇ ਵਿਚ ਕੱਸਕੇ ਫਸੀ ਹੋਈ ਕੁੰਡੀ ਬਾਹਰ ਨਹੀਂ ਨਿਕਲ ਰਹੀ ਸੀ।

"ਤੁਸੀਂ ਮੈਨੂੰ ਅੰਦਰ ਤਾਂ ਆਉਣ ਦਿਓ। ਮੈਂ ਬਿਲਕੁਲ ਭਿੱਜ ਗਈ ਹਾਂ। ਮੈਂ ਜਮ ਗਈ ਹਾਂ। ਤੁਸੀਂ ਸਿਰਫ ਆਪਣੀ ਆਤਮਾ ਦੀ ਰਖਿਆ ਲਈ ਸੋਚ ਰਹੇ ਹੋ ਤੇ ਇਥੇ ਮੇਰੀ ਕੁਲਫੀ ਬਣਦੀ ਜਾ ਰਹੀ ਹੈ।"

ਸੇਰਗਈ ਨੇ ਦਰਵਾਜ਼ੇ ਨੂੰ ਆਪਣੇ ਵਲ ਖਿਚਿਆ, ਕੁੰਡੀ ਨੂੰ ਉਪਰ ਚੁੱਕਿਆ

26