ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/33

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਤੇ ਠੀਕ ਅੰਦਾਜ਼ਾ ਨਾ ਕਰਦੇ ਹੋਏ ਦਰਵਾਜ਼ੇ ਨੂੰ ਏਨੀ ਜ਼ੋਰ ਨਾਲ ਬਾਹਰ ਨੂੰ ਧੱਕ ਦਿਤਾ ਕਿ ਉਹ ਮਾਕੋਵਕਿਨਾ ਨੂੰ ਜਾ ਲਗਾ।

"ਓਹ, ਮੁਆਫ਼ ਕਰਨਾ!" ਉਸਨੇ ਅਚਾਨਕ ਔਰਤ ਨੂੰ ਸੰਬੋਧਨ ਕਰਨ ਦੇ ਆਪਣੇ ਪੁਰਾਣੇ ਤੇ ਆਦਤਨ ਅੰਦਾਜ਼ ਨਾਲ ਕਿਹਾ।

"ਮੁਆਫ ਕਰਨਾ!" ਇਹ ਸ਼ਬਦ ਸੁਣਕੇ ਉਹ ਮੁਸਕਰਾ ਪਈ। "ਨਹੀਂ ਉਹ ਏਨਾਂ ਭੈ-ਉਪਜਾਊ ਤਾਂ ਨਹੀਂ ਹੈ, " ਉਸਨੇ ਮਨ ਹੀ ਮਨ ਵਿਚ ਸੋਚਿਆ।

"ਕੋਈ ਗੱਲ ਨਹੀਂ, ਕੋਈ ਗੱਲ ਨਹੀਂ। ਤੁਸੀਂ ਮੈਨੂੰ ਮੁਆਫ ਕਰ ਦਿਓ," ਪਾਦਰੀ ਸੇਰਗਈ ਦੇ ਕੋਲੋਂ ਦੀ ਲੰਘਦੀ ਹੋਈ ਉਹ ਬੋਲੀ। "ਮੈਂ ਕਦੀ ਵੀ ਐਸਾ ਕਰਨ ਦੀ ਹਿੰਮਤ ਨਾ ਕਰਦੀ। ਪਰ ਹਾਲਾਤ ਨੇ ਮਜਬੂਰ ਕਰ ਦਿਤਾ।"

"ਆਓ," ਉਸਨੂੰ ਅੱਗੇ ਵਧਣ ਦਾ ਰਸਤਾ ਵਿਖਾਉਂਦੇ ਹੋਏ ਸੇਰਗਈ ਨੇ ਕਿਹਾ। ਉਸਨੇ ਵਧੀਆ ਅਤਰ ਦੀ ਭਿੰਨੀ ਭਿੰਨੀ ਖੁਸ਼ਬੂ, ਜਿਸਨੂੰ ਉਹ ਕਦੋਂ ਦਾ ਭੁੱਲ ਚੁੱਕਾ ਸੀ, ਮਹਿਸੂਸ ਕੀਤੀ। ਉਹ ਡਿਉੜੀ ਲੰਘਕੇ ਕਮਰੇ ਵਿਚ ਪਹੁੰਚੀ। ਪਾਦਰੀ ਸੈਰਗਈ ਨੇ ਬਾਹਰ ਦਾ ਦਰਵਾਜ਼ਾ ਫਟਾਕ ਕਰਕੇ ਬੰਦ ਕਰ ਦਿਤਾ, ਪਰ ਕੁੰਡੀ ਨਾ ਅੜਾਈ ਤੇ ਡਿਉੜੀ ਲੰਘ ਕੇ ਕਮਰੇ ਵਿਚ ਆ ਪਹੁੰਚੇ।

'ਪ੍ਰਮਾਤਮਾ ਦੇ ਬੇਟੇ, ਈਸਾ ਮਸੀਹ, ਮੇਰੇ ਪਾਪੀ 'ਤੇ ਦਿਆ ਕਰੋ, ਦਿਆ ਕਰੋ ਮੇਰੇ ਪਾਪੀ 'ਤੇ, " ਉਹ ਲਗਾਤਾਰ ਮਨ ਹੀ ਮਨ ਵਿਚ ਪ੍ਰਾਰਥਨਾ ਕਰ ਰਿਹਾ ਸੀ, ਪਰ ਅਨਜਾਣੇ ਹੀ ਉਸਦੇ ਹੋਂਠ ਵੀ ਹਿਲਦੇ ਜਾ ਰਹੇ ਸਨ।

"ਤਸ਼ਰੀਫ ਰਖੋ, " ਉਹ ਬੋਲਿਆ। ਉਹ ਕਮਰੇ ਦੇ ਵਿਚਕਾਰ ਖੜੋਤੀ ਸੀ, ਉਸ ਤੋਂ ਪਾਣੀ ਦੀਆਂ ਬੂੰਦਾਂ ਫਰਸ਼ ਉਤੇ ਡਿੱਗ ਰਹੀਆਂ ਸਨ, ਉਸ ਦੀਆਂ ਅੱਖਾਂ ਮੁਸਕਰਾ ਰਹੀਆਂ ਸਨ।

'ਮੁਆਫ਼ ਕਰਨਾ, ਮੈਂ ਤੁਹਾਡੀ ਤਪੱਸਿਆ ਵਿਚ ਖਲਲ ਪਾਇਆ ਹੈ। ਪਰ ਮੇਰੀ ਹਾਲਤ ਤਾਂ ਤੁਸੀਂ ਵੇਖ ਹੀ ਰਹੇ ਹੋ। ਇਸ ਤਰ੍ਹਾਂ ਹੋਇਆ ਕਿ ਅਸੀਂ ਸ਼ਹਿਰੋਂ ਸਲੈੱਜਾਂ ਵਿਚ ਸੈਰ-ਸਪਾਟੇ ਲਈ ਇਥੇ ਆਏ ਸਾਂ ਤੇ ਫਿਰ ਮੈਂ ਸ਼ਰਤ ਲਗਾ ਬੈਠੀ ਕਿ ਵਰੋਬਿਉਵਕਾ ਤੋਂ ਇਕੱਲੀ ਹੀ ਸ਼ਹਿਰ ਵਾਪਸ ਜਾਵਾਂਗੀ, ਪਰ ਰਸਤਾ ਭੁੱਲ ਗਈ। ਜੇ ਮੈਂ ਤੁਹਾਡੀ ਕੋਠੜੀ ਤਕ ਨਾ ਆ ਪਹੁੰਚਦੀ, ਤਾਂ..." ਉਹ ਝੂਠ ਬੋਲਦੀ ਗਈ। ਪਰ ਸੇਰਗਈ ਦੇ ਚਿਹਰੇ ਨੂੰ ਵੇਖਕੇ ਉਸਨੂੰ ਘਬਰਾਹਟ ਮਹਿਸੂਸ ਹੋਈ ਤੇ ਉਹ ਆਪਣੇ ਝੂਠ ਨੂੰ ਜਾਰੀ ਨਾ ਰਖ ਸਕੀ ਤੇ ਚੁੱਪ ਹੋ ਗਈ। ਉਸਨੇ ਕਿਸੇ ਦੂਸਰੇ ਹੀ ਰੂਪ ਵਿਚ ਪਾਦਰੀ ਸੇਰਗਈ ਦੀ ਕਲਪਨਾ ਕੀਤੀ ਸੀ। ਜਿਸ ਤਰ੍ਹਾਂ ਦੀ ਉਸਨੇ ਕਲਪਨਾ ਕੀਤੀ ਸੀ, ਉਹ ਓਨਾ ਸੋਹਣਾ ਨਹੀਂ ਸੀ, ਪਰ ਉਸ ਦੀਆਂ ਨਜ਼ਰਾਂ ਵਿਚ ਉਹ ਬਹੁਤ ਹੀ ਸੋਹਣਾ ਸੀ। ਉਸਦੇ ਚਿੱਟੇ ਹੋ ਰਹੇ ਸਿਰ ਤੇ ਦਾੜੀ ਦੇ ਘੁੰਘਰਾਲੇ ਵਾਲਾਂ, ਤਿੱਖੀ, ਪਤਲੀ ਨੱਕ ਤੇ ਭਰਪੂਰ ਨਜ਼ਰ ਨਾਲ ਵੇਖਣ ਉਤੇ ਉਸ ਦੀਆਂ ਕੋਲਿਆਂ ਵਾਂਗ ਕਾਲੀਆਂ, ਚਮਕਦੀਆਂ

27