ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/39

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਕਿਉਂ ਡੇਗਣਾ ਚਾਹੁੰਦੀ ਸੈਂ? ਲੋਭ-ਲਾਲਸਾਵਾਂ ਤਾਂ ਇਸ ਦੁਨੀਆਂ ਵਿਚ ਆਉਣਗੀਆਂ ਹੀ, ਪਰ ਬੁਰਾ ਹੋਵੇ ਉਹਨਾਂ ਦਾ ਜਿਹੜਾ ਇਹਨਾਂ ਨੂੰ ਪੈਦਾ ਕਰਦੇ ਹਨ... ਪ੍ਰਾਰਥਨਾ ਕਰੋ ਕਿ ਪ੍ਰਮਾਤਮਾ ਸਾਨੂੰ ਮੁਆਫ ਕਰ ਦੇਵੇ।"

ਉਹ ਪਾਦਰੀ ਸੇਰਗਈ ਦੀ ਗੱਲ ਸੁਣ ਰਹੀ ਸੀ ਤੇ ਉਸ ਵੱਲ ਵੇਖ ਰਹੀ ਸੀ। ਅਚਾਨਕ ਹੀ ਉਸਨੂੰ ਫਰਸ਼ ਉਤੇ ਡਿੱਗਦੀਆਂ ਬੂੰਦਾਂ ਦੀ ਆਵਾਜ਼ ਸੁਣਾਈ ਦਿਤੀ। ਉਸਨੇ ਧਿਆਨ ਨਾਲ ਦੇਖਿਆ ਤਾਂ ਚੋਲੇ ਵਿਚ ਦਿਤੇ ਹੱਥ ਵਿਚੋਂ ਵਗਦਾ ਖੂਨ ਨਜ਼ਰ ਆਇਆ।

"ਹੱਥ ਨਾਲ ਤੁਸਾਂ ਕੀ ਕਰ ਦਿਤੈ?" ਉਸਨੂੰ ਉਹ ਆਵਾਜ਼ ਯਾਦ ਆਈ, ਜਿਹੜੀ ਉਸਨੇ ਸੁਣੀ ਸੀ ਉਹ ਝਟਪਟ ਦੀਵਾ ਚੁੱਕ ਕੇ ਡਿਉੜੀ ਵਲ ਨੱਠ ਉਠੀ। ਉਥੇ ਉਸਨੂੰ ਖੂਨ ਨਾਲ ਲੱਥਪਥ ਉਂਗਲੀ ਦਿਖਾਈ ਦਿਤੀ। ਉਸਦੇ ਚਿਹਰੇ ਦਾ ਰੰਗ ਤਾਂ ਸੇਰਗਈ ਦੇ ਚਿਹਰੇ ਦੇ ਰੰਗ ਨਾਲੋਂ ਵੀ ਜ਼ਿਆਦਾ ਪੀਲਾ ਪੈ ਗਿਆ ਸੀ। ਉਸਨੇ ਸੇਰਗਈ ਨੂੰ ਕੁਝ ਕਹਿਣਾ ਚਾਹਿਆ, ਪਰ ਉਹ ਹੌਲੀ ਹੌਲੀ ਆਪਣੀ ਕੋਠੜੀ ਵੱਲ ਚਲਾ ਗਿਆ ਤੇ ਉਸਨੇ ਦਰਵਾਜ਼ਾ ਬੰਦ ਕਰ ਲਿਆ।

"ਮੈਨੂੰ ਮੁਆਫ ਕਰ ਦਿਓ," ਉਹ ਬੋਲੀ। "ਕਿਸ ਤਰ੍ਹਾਂ ਆਪਣੇ ਪਾਪ ਦਾ ਪਸ਼ਚਾਤਾਪ ਕਰ ਸਕਦੀ ਹਾਂ ਮੈਂ?"

"ਚਲੀ ਜਾ।"

"ਲਿਆਓ, ਮੈਂ ਤੁਹਾਡੇ ਜ਼ਖਮ ਉਤੇ ਪੱਟੀ ਬੰਨ੍ਹ ਦਿਆਂ।"

"ਚਲੀ ਜਾ ਇਥੋਂ।"

ਉਹ ਜਲਦੀ ਜਲਦੀ ਕਪੜੇ ਤੇ ਫ਼ਰ ਦਾ ਕੋਟ ਵੀ ਪਾ ਕੇ ਤਿਆਰ ਹੋ ਗਈ ਤੇ ਇੰਤਜ਼ਾਰ ਕਰਨ ਲਗੀ। ਬਾਹਰ ਘੰਟੀਆਂ ਦੀ ਆਵਾਜ਼ ਸੁਣਾਈ ਦਿਤੀ।

"ਪਾਦਰੀ ਸੇਰਗਈ। ਮੈਨੂੰ ਮੁਆਫ ਕਰ ਦਿਓ।"

"ਜਾਓ। ਪ੍ਰਮਾਤਮਾ ਮੁਆਫ ਕਰੇਗਾ।"

"ਧਰਮ-ਪਿਤਾ ਸੇਰਗਈ, ਮੈਂ ਆਪਣਾ ਜੀਵਨ ਬਦਲ ਲਵਾਂਗੀ। ਮੈਨੂੰ ਠੁਕਰਾਓ ਨਹੀਂ।"

"ਜਾਓ।"

"ਮੁਆਫ ਕਰੋ ਤੇ ਅਸ਼ੀਰਵਾਦ ਦਿਓ।"

"ਪਿਤਾ, ਪੁਤ੍ਰ ਅਤੇ ਪਵਿੱਤਰ ਆਤਮਾ ਦੇ ਨਾਂ ਉਤੇ" ਕੰਧ ਦੇ ਪਿਛੋਂ ਸੁਣਾਈ ਦਿਤਾ,"ਜਾਓ।"

ਉਹ ਸਿਸਕੀਆਂ ਭਰਦੀ ਹੋਈ ਕੋਠੜੀ ਤੋਂ ਬਾਹਰ ਆਈ। ਵਕੀਲ ਉਸ ਵਲ ਵਧਿਆ ਤੇ ਬੋਲਿਆ:

"ਹਾਰ ਗਿਆ ਬਾਜ਼ੀ, ਕਮਬਖਤ ਕਿਸਮਤ ਹੀ ਐਸੀ ਹੈ। ਕਿਥੇ ਬੈਠੋਗੇ ਤੁਸੀਂ?"

33