ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/42

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਿਛੋਂ ਤਾਂ ਇਕ ਹਫਤਾ ਵੀ ਐਸਾ ਨਾ ਲੰਘਦਾ ਜਦੋਂ ਬਿਮਾਰਾਂ ਨੂੰ ਲੈ ਕੇ ਲੋਕ ਉਸ ਕੋਲ ਨਾ ਆਉਂਦੇ। ਜੇ ਉਹ ਇਕ ਵਾਰੀ ਐਸਾ ਕਰਨ ਲਈ ਮੰਨ ਗਿਆ ਸੀ, ਤਾਂ ਹੁਣ ਦੂਸਰਿਆਂ ਨੂੰ ਵੀ ਇਨਕਾਰ ਨਹੀਂ ਕਰ ਸਕਦਾ ਸੀ। ਇਸ ਲਈ ਉਹ ਉਹਨਾਂ ਉਤੇ ਹੱਥ ਰਖਕੇ ਪ੍ਰਾਰਥਨਾ ਕਰਦਾ, ਬਹੁਤ ਸਾਰੇ ਲੋਕੀਂਂ ਰਾਜ਼ੀ ਵੀ ਹੋ ਜਾਂਦੇ ਤੇ ਇਸ ਤਰ੍ਹਾਂ ਪਾਦਰੀ ਸੇਰਗਈ ਦੀ ਪ੍ਰਸਿੱਧਤਾ ਹੋਰ ਵੀ ਅੱਗੇ ਤੋਂ ਅੱਗੇ ਵਧਦੀ ਗਈ।

ਇਸ ਤਰ੍ਹਾਂ ਸੱਤ ਸਾਲ ਮਠਾਂ ਵਿਚ ਤੇ ਤੇਰ੍ਹਾਂ ਇਕਾਂਤਵਾਸ ਵਿਚ ਬੀਤ ਗਏ। ਪਾਦਰੀ ਸੇਰਗਈ ਹੁਣ ਬਜ਼ੁਰਗ ਲਗਦਾ ਸੀ, ਉਸਦੀ ਦਾੜ੍ਹੀ ਲੰਮੀ ਤੇ ਚਿੱਟੀ ਸੀ, ਪਰ ਵਾਲ, ਜੋ ਵਿਰਲੇ ਰਹਿ ਗਏ ਸਨ, ਅਜੇ ਵੀ ਕਾਲੇ ਤੇ ਘੁੰਘਰਾਲੇ ਸਨ।

7

ਕਾਫੀ ਹਫ਼ਤਿਆਂ ਤਕ ਪਾਦਰੀ ਸੇਰਗਈ ਨੂੰ ਇਕੋ ਹੀ ਵਿਚਾਰ ਪ੍ਰੇਸ਼ਾਨ ਕਰਦਾ ਰਿਹਾ। ਜਿਸ ਸਥਿਤੀ ਵਿਚ ਉਹ ਸੀ, ਤੇ ਜਿਸ ਵਿਚ ਉਹ ਏਨਾ ਆਪਣੀ ਇੱਛਾ ਕਾਰਨ ਨਹੀਂ ਜਿੰਨਾਂ ਆਰਕੀਮੇਂਡਟ੍ਰਿਟ ਤੇ ਵੱਡੇ ਪਾਦਰੀ ਦੀ ਇੱਛਾ ਕਰਕੇ ਪਿਆ ਸੀ, ਉਸ ਸਥਿਤੀ ਨੂੰ ਸਵੀਕਾਰ ਕਰਕੇ ਉਸਨੇ ਚੰਗਾ ਕੀਤਾ ਸੀ ਜਾਂ ਨਹੀਂ? ਉਸ ਚੌਦ੍ਹਾਂ ਸਾਲਾਂ ਦੇ ਲੜਕੇ ਨੂੰ ਰਾਜ਼ੀ ਕਰਕੇ ਇਸ ਸਥਿਤੀ ਦਾ ਆਰੰਭ ਹੋਇਆ। ਉਸ ਦਿਨ ਤੋਂ ਪਾਦਰੀ ਸੇਰਗਈ ਹਰ ਮਹੀਨੇ, ਹਰ ਹਫਤੇ, ਹਰ ਦਿਨ ਇਹ ਅਨੁਭਵ ਕਰਦਾ ਸੀ ਕਿ ਉਸਦਾ ਅੰਦਰਲਾ ਜੀਵਨ ਸਮਾਪਤ ਹੁੰਦਾ ਜਾ ਰਿਹਾ ਹੈ ਤੇ ਬਾਹਰੀ ਜੀਵਨ ਉਸ ਦੀ ਜਗ੍ਹਾ ਲੈਂਦਾ ਜਾ ਰਿਹਾ ਹੈ। ਉਸਨੂੰ ਤਾਂ ਜਿਵੇਂ ਅੰਦਰੋਂ ਅੰਦਰ ਬਾਹਰ ਵਲ ਉਲਟਾਇਆ ਜਾ ਰਿਹਾ ਸੀ।

ਸੇਰਗਈ ਨੂੰ ਵੇਖਿਆ ਕਿ ਉਹ ਸ਼ਰਧਾਲੂਆਂ ਤੇ ਭੇਟਾਂ ਚੜ੍ਹਾਉਣ ਵਾਲਿਆਂ ਨੂੰ ਮਠ ਵਲ ਖਿੱਚਣ ਦਾ ਵਸੀਲਾ ਸੀ ਤੇ ਇਸੇ ਲਈ ਮਠ ਦੇ ਪ੍ਰਬੰਧਕ ਉਸਦੀ ਨਿੱਤ-ਕਿਰਿਆ ਨੂੰ ਇਸ ਤਰ੍ਹਾਂ ਨਿਯਮਬੰਦ ਕਰਨਾ ਚਾਹੁੰਦੇ ਸਨ ਕਿ ਉਹ ਉਸ ਤੋਂ ਜ਼ਿਆਦਾ ਤੋਂ ਜ਼ਿਆਦਾ ਲਾਭ ਪ੍ਰਾਪਤ ਕਰ ਸਕਣ। ਮਸਲਨ, ਹੁਣ ਉਸਨੂੰ ਕੋਈ ਵੀ ਸ਼ਰੀਰਕ ਕੰਮ ਨਹੀਂ ਸੀ ਕਰਨ ਦਿਤਾ ਜਾਂਦਾ। ਉਸਦੀ ਜ਼ਰੂਰਤ ਦੀ ਹਰ ਚੀਜ਼ ਉਸ ਨੂੰ ਮੁਹਈਆ ਕਰ ਦਿਤੀ ਜਾਂਦੀ ਸੀ ਤੇ ਉਸ ਤੋਂ ਸਿਰਫ ਇਕ ਹੀ ਆਸ ਕੀਤੀ ਜਾਂਦੀ ਸੀ ਕਿ ਉਹ ਦਰਸ਼ਨਾਂ ਲਈ ਆਉਣ ਵਾਲਿਆਂ ਨੂੰ ਆਪਣਾ ਆਸ਼ੀਰਵਾਦ ਦੇਣ ਤੋਂ ਇਨਕਾਰ ਨਾ ਕਰੇ। ਉਸਦੀ ਸਹੂਲਤ ਲਈ ਦਿਨ ਨੀਯਤ ਕਰ ਦਿਤੇ ਗਏ, ਜਦੋਂ ਉਹ ਭਗਤਾਂ ਨੂੰ ਦਰਸ਼ਨ ਦੇਂਦਾ ਸੀ। ਆਦਮੀਆਂ ਲਈ ਇਕ ਖਾਸ ਮੁਲਾਕਾਤੀ ਕਮਰਾ ਬਣਾ ਦਿਤਾ ਗਿਆ ਤੇ ਜੰਗਲੇ ਨਾਲ ਘਿਰੀ ਇਕ ਜਗ੍ਹਾ ਵੀ ਬਣਾ ਦਿਤੀ ਗਈ, ਜਿਥੇ ਔਰਤਾਂ ਨੇ ਭੀੜ-ਭੜੱਕੇ ਨਾਲ ਉਸਨੂੰ ਧੱਕਾ ਨਾ ਵੱਜੇ ਅਤੇ ਉਹ ਭਗਤਾਂ ਨੂੰ ਅਸ਼ੀਰਵਾਦ ਦੇ ਸਕੇ। ਉਸਨੂੰ ਕਿਹਾ ਜਾਂਦਾ ਸੀ ਕਿ ਲੋਕਾਂ ਨੂੰ ਉਸਦੀ ਜ਼ਰੂਰਤ ਹੈ, ਕਿ ਈਸਾ ਮਸੀਹ

36