ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/44

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਚੀਜ਼ਾਂ ਨੂੰ ਆਪਣੀ ਕੋਠੜੀ ਵਿਚ ਰਖਿਆ ਤੇ ਇਹ ਸੋਚਦਾ ਰਿਹਾ ਕਿ ਕਿਸ ਤਰ੍ਹਾਂ ਉਹ ਉਹਨਾਂ ਨੂੰ ਪਾਕੇ ਤੇ ਵਾਲ ਕੱਟਕੇ ਚਲਦਾ ਬਣੇਗਾ। ਸ਼ੁਰੂ ਵਿਚ ਉਹ ਤਿੰਨ ਸੌ ਵਰਸਟ ਗੱਡੀ ਵਿਚ ਸਫਰ ਕਰੇਗਾ, ਫਿਰ ਉਸ ਤੋਂ ਉਤਰ ਕੇ ਪਿੰਡ ਪਿੰਡ ਘੁੰਮਦਾ ਫਿਰੇਗਾ। ਆਪਣੇ ਪਾਸ ਆਉਣ ਵਾਲੇ ਇਕ ਬੁੱਢੇ ਸੈਨਿਕ ਤੋਂ ਉਸਨੇ ਪੁੱਛਗਿਛ ਕਰ ਲਈ ਸੀ ਕਿ ਕਿਸ ਤਰ੍ਹਾਂ ਉਹ ਪਿੰਡ ਪਿੰਡ ਘੁੰਮਦਾ ਹੈ, ਭਿਖਿਆ ਤੇ ਸ਼ਰਨ ਲੈਣ ਲਈ ਉਹ ਕੀ ਕਰਦਾ ਹੈ। ਸੈਨਿਕ ਨੇ ਸਭ ਕੁਝ ਦੱਸ ਦਿਤਾ ਸੀ ਕਿ ਕਿਥੇ ਭਿਖਿਆ ਤੇ ਸ਼ਰਨ ਲੈਣਾ ਜ਼ਿਆਦਾ ਆਸਾਨ ਹੈ ਤੇ ਪਾਦਰੀ ਸੇਰਗਈ ਇਸ ਤਰ੍ਹਾਂ ਹੀ ਕਰਨਾ ਚਾਹੁੰਦਾ ਸੀ। ਇਕ ਰਾਤ ਤਾਂ ਉਸਨੇ ਪੇਂਡੂ ਪੁਸ਼ਾਕ ਪਾ ਵੀ ਲਈ ਸੀ ਅਤੇ ਚਲ ਪੈਣਾ ਚਾਹਿਆ ਸੀ, ਪਰ ਉਹ ਇਹ ਨਹੀਂ ਸੀ ਜਾਣਦਾ ਕਿ ਉਸ ਲਈ ਉਥੇ ਹੀ ਰਹਿਣਾ ਜਾਂ ਉਥੋਂ ਨੱਠ ਜਾਣਾ ਜ਼ਿਆਦਾ ਚੰਗਾ ਰਹੇਗਾ। ਸ਼ੁਰੂ ਵਿਚ ਤਾਂ ਉਹ ਫੈਸਲਾ ਨਾ ਕਰ ਸਕਿਆ, ਪਰ ਪਿਛੋਂ ਇਹ ਦੁਚਿਤੀ ਖਤਮ ਹੋ ਗਈ, ਇਥੋਂ ਦੇ ਜੀਵਨ ਦਾ ਉਹ ਆਦੀ ਹੋ ਗਿਆ ਸੀ, ਸ਼ੈਤਾਨ ਦੇ ਸਾਹਮਣੇ ਉਸਨੇ ਹਥਿਆਰ ਸੁੱਟ ਦਿਤੇ ਤੇ ਪੇਂਡੂ ਪੁਸ਼ਾਕ ਹੁਣ ਉਸਨੂੰ ਸਿਰਫ ਉਸਦੇ ਵਿਚਾਰਾਂ ਤੇ ਭਾਵਨਾਵਾਂ ਦੀ ਯਾਦ ਹੀ ਕਰਾਉਂਦੀ ਸੀ।

ਪਾਦਰੀ ਸੇਰਗਈ ਕੋਲ ਆਉਣ ਵਾਲਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾਂਦੀ ਸੀ ਤੇ ਆਤਮਿਕ ਦ੍ਰਿਸ਼ਟੀ ਤੋਂ ਆਪਣੇ ਆਪ ਨੂੰ ਦ੍ਰਿੜ ਬਣਾਉਣ ਤੇ ਪ੍ਰਰਾਥਨਾ ਕਰਨ ਲਈ ਉਸ ਪਾਸ ਬਹੁਤ ਹੀ ਘੱਟ ਸਮਾਂ ਰਹਿੰਦਾ ਜਾਂਦਾ ਸੀ। ਕਦੀ ਕਦੀ ਚੰਗੀਆਂ ਘੜੀਆਂ ਵਿਚ ਉਸਦੇ ਦਿਲ ਵਿਚ ਇਹ ਵਿਚਾਰ ਆਉਂਦਾ ਕਿ ਉਹ ਐਸੀ ਜਗ੍ਹਾ ਵਾਂਗ ਹੈ, ਜਿਥੇ ਕਦੀ ਕੋਈ ਚਸ਼ਮਾ ਵਹਿੰਦਾ ਹੁੰਦਾ ਸੀ। "ਅੰਮ੍ਰਿਤ ਦੀ ਪਤਲੀ ਜੇਹੀ ਧਾਰਾ ਸੀ, ਜੋ ਮੇਰੇ ਵਿਚੋਂ ਦੀ ਤੇ ਮੇਰੇ ਵਿਚੋਂ ਬਾਹਰ ਵਹਿੰਦੀ ਸੀ। ਉਹ ਸੀ ਹਕੀਕੀ ਜੀਵਨ, ਜਦੋਂ 'ਉਸ ਔਰਤ ਨੇ' (ਉਹ ਉਸ ਰਾਤ ਨੂੰ ਤੇ ਉਸਨੂੰ ਜੋ ਹੁਣ ਸਨਿਆਸਣ ਅਗਨੀਆ ਸੀ, ਹਮੇਸ਼ਾਂ ਉਤਸ਼ਾਹ ਨਾਲ ਯਾਦ ਕਰਦਾ ਸੀ) ਮੈਨੂੰ ਭਰਮਾਉਣ ਦੀ ਕੋਸ਼ਿਸ਼ ਕੀਤੀ ਸੀ। ਉਸਨੇ ਇਹ ਅੰਮ੍ਰਿਤ-ਪਾਨ ਕੀਤਾ ਸੀ। ਪਰ ਉਸ ਤੋਂ ਮਗਰੋਂ ਅੰਮ੍ਰਿਤ ਇਕੱਠਾ ਹੋਣ ਤੋਂ ਪਹਿਲਾਂ ਹੀ ਪਿਆਸਿਆਂ ਦੀ ਭੀੜ ਲਗ ਜਾਂਦੀ ਹੈ, ਉਹ ਇਕ ਦੂਸਰੇ ਨੂੰ ਧਿਕਦੇ ਹੋਏ ਆ ਭੀੜ ਪਾਉਂਦੇ ਹਨ। ਉਹਨਾਂ ਨੇ ਚਸ਼ਮੇ ਨੂੰ ਆਪਣੇ ਪੈਰਾਂ ਹੇਠਾਂ ਲਿਤਾੜ ਛਡਿਆ ਹੈ ਤੇ ਹੁਣ ਸਿਰਫ ਚਿਕੜ ਹੀ ਬਾਕੀ ਰਹਿ ਗਿਆ ਹੈ।" ਆਪਣੀਆਂ ਚੰਗੀਆਂ ਅਤੇ ਵਿਰਲੀਆਂ ਘੜੀਆਂ ਵਿਚ ਉਹ ਇੰਝ ਸੋਚਦਾ, ਪਰ ਉਸਦੀ ਆਮ ਸਥਿਤੀ ਇਹ ਰਹਿੰਦੀ ਸੀ-ਥਕਾਵਟ ਤੇ ਇਸ ਥਕਾਵਟ ਕਾਰਨ ਆਪਣੇ ਪ੍ਰਤੀ ਪ੍ਰਸੰਸਾ ਦੀ ਭਾਵਨਾ।

ਬਸੰਤ ਦੇ ਦਿਨ ਸਨ, ਪੀਪੋਲੋਵੇਨੀਏ ਤਿਉਹਾਰ ਦੀ ਦਾਅਵਤ ਸੀ। ਪਾਦਰੀ ਸੇਰਗਈ ਆਪਣੀ ਗੁਫਾ ਵਾਲੇ ਗਿਰਜੇ ਵਿੱਚ ਪ੍ਰਾਰਥਨਾ ਕਰਵਾ ਰਿਹਾ ਸੀ। ਜਿੰਨੇ ਲੋਕੀਂ ਉਥੇ ਸਮਾ ਸਕਦੇ ਸਨ, ਉਨੇ ਹੀ ਹਾਜ਼ਰ ਸਨ, ਭਾਵ ਵੀਹ ਕੁ। ਉਹ ਸਾਰੇ ਭੱਦਰ-ਪੁਰਸ਼, ਵਿਉਪਾਰੀ ਭਾਵ ਧਨੀ ਲੋਕ ਸਨ। ਪਾਦਰੀ ਸੇਰਗਈ ਤਾਂ ਸਾਰਿਆਂ ਨੂੰ

38