ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/45

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੀ ਆਉਣ ਦਿੰਦਾ ਸੀ। ਪਰ ਉਸਦੀ ਸੇਵਾ ਵਿਚ ਖੜੋਤਾ ਸਾਧੂ ਤੇ ਮਠ ਤੋਂ ਰੋਜ਼ ਉਸਦੀ ਕੋਠੜੀ ਵਿਚ ਭੇਜਿਆ ਜਾਣ ਵਾਲਾ ਸਹਾਇਕ ਐਸੀ ਛਾਂਟੀ ਕਰ ਦਿੰਦੇ ਸਨ। ਲਗਭਗ ਅੱਸੀ ਯਾਤ੍ਰੀ, ਖਾਸ ਕਰਕੇ ਔਰਤਾਂ ਬਾਹਰ ਭੀੜ ਬਣਾ ਕੇ ਖੜੀਆਂ ਸਨ ਤੇ ਪਾਦਰੀ ਸੇਰਗਈ ਦੇ ਆਉਣ ਤੇ ਉਸਦਾ ਅਸ਼ੀਰਵਾਦ ਲੈਣ ਦੀ ਉਡੀਕ ਕਰ ਰਹੀਆਂ ਸਨ। ਪਾਦਰੀ ਸੇਰਗਈ ਨੇ ਪੂਜਾ ਸਮਾਪਤ ਕੀਤੀ ਤੇ ਜਦੋਂ ਉਹ ਭਗਵਾਨ ਦੇ ਗੀਤ ਗਾਉਂਦਾ ਹੋਇਆ ਆਪਣੇ ਪੂਰਵਗਾਮੀ ਦੀ ਕਬਰ ਕੋਲ ਆਇਆ, ਤਾਂ ਲੜਖੜਾਇਆ ਤੇ ਉਸਦੇ ਪਿਛੇ ਖੜੋਤੇ ਵਪਾਰੀ ਤੇ ਛੋਟੇ ਪਾਦਰੀ ਨੇ ਉਸਨੂੰ ਸੰਭਾਲਿਆ ਨਾ ਹੁੰਦਾ, ਤਾਂ ਉਹ ਡਿੱਗ ਪੈਂਦਾ।

"ਕੀ ਹੋਇਆ ਹੈ ਤੁਹਾਨੂੰ? ਧਰਮ-ਪਿਤਾ ਸੇਰਗਈ! ਪਿਆਰੇ ਮਹਾਰਾਜ ਸੇਰਗਈ! ਹੇ ਪ੍ਰਮਾਤਮਾ!" ਔਰਤਾਂ ਚਿੱਲਾ ਉਠੀਆਂ। "ਚਾਦਰ ਨਾਲੋਂ ਚਿੱਟੇ ਹੋ ਗਏ ਹਨ।"

ਪਰ ਪਾਦਰੀ ਸੇਰਗਈ ਜਲਦੀ ਹੀ ਸੰਭਲ ਗਿਆ ਤੇ ਭਾਵੇਂ ਉਸਦਾ ਚਿਹਰਾ ਪੀਲਾ ਪੈ ਗਿਆ ਸੀ, ਫਿਰ ਵੀ ਉਸਨੇ ਛੋਟੇ ਪਾਦਰੀ ਤੇ ਵਪਾਰੀ ਨੂੰ ਪਰੇ ਹਟਾ ਦਿਤਾ ਤੇ ਉਸਤਤੀ ਦਾ ਗੀਤ ਜਾਰੀ ਰਖਿਆ। ਛੋਟੇ ਪਾਦਰੀ, ਪਾਦਰੀ ਸੇਰਾਪੀਓਨ, ਪ੍ਰਚਾਰਕਾਂ ਤੇ ਸ੍ਰੀਮਤੀ ਸੋਫੀਆ ਇਵਾਨੋਵਨਾ ਨੇ, ਜੇ ਹਮੇਸ਼ਾ ਸੇਰਗਈ ਦੀ ਕੋਠੜੀ ਦੇ ਕੋਲ ਹੀ ਰਹਿੰਦੀ ਸੀ ਤੇ ਉਸਦੀ ਸੇਵਾ ਕਰਦੀ ਸੀ, ਪਾਦਰੀ ਸੇਰਗਈ ਨੂੰ ਉਸਤਤੀ ਦਾ ਗੀਤ ਬੰਦ ਕਰਨ ਲਈ ਪ੍ਰਾਰਥਨਾ ਕੀਤੀ।

"ਕੋਈ ਗੱਲ ਨਹੀਂ, ਕੋਈ ਗੱਲ ਨਹੀਂ," ਆਪਣੀਆਂ ਮੁੱਛਾਂ ਹੇਠ ਜ਼ਰਾ ਕੁ ਮੁਸਕਰਾਉਂਦੇ ਹੋਏ ਪਾਦਰੀ ਸੇਰਗਈ ਨੇ ਕਿਹਾ, "ਪ੍ਰਾਰਥਨਾਵਾਂ ਵਿਚ ਵਿਘਨ ਨਹੀਂ ਪਾਓ।"

ਉਸਦੇ ਮਨ ਹੀ ਮਨ ਵਿਚ ਸੋਚਿਆ, "ਹਾਂ, ਸੰਤ ਹੀ ਸਿਰਫ ਇਸ ਤਰ੍ਹਾਂ ਕਰਦੇ ਹੁੰਦੇ ਹਨ।"

"ਸੰਤ! ਪ੍ਰਮਾਤਮਾ ਦਾ ਫਰਿਸ਼ਤਾ।" ਉਸੇ ਸਮੇਂ ਉਸਨੂੰ ਸੋਫੀਆ ਇਵਾਨੋਵਨਾ ਤੇ ਉਸ ਵਪਾਰੀ ਦੀ ਆਵਾਜ਼ ਸੁਣਾਈ ਦਿੱਤੀ, ਜਿਸਨੇ ਉਸਨੂੰ ਸੰਭਾਲਿਆ ਸੀ। ਲੋਕਾਂ ਦੀ ਬੇਨਤੀ, ਵੱਲ ਧਿਆਨ ਨਾ ਦੇਂਦਿਆਂ ਉਸਨੇ ਪੂਜਾ ਜਾਰੀ ਰਖੀ। ਲੋਕ ਭੀੜ-ਭੜੱਕਾ ਕਰਦੇ ਤੇ ਤੰਗ ਵਰਾਂਡਿਆਂ ਨੂੰ ਲੰਘਦੇ ਹੋਏ ਫਿਰ ਛੋਟੇ ਗਿਰਜੇ ਵਾਪਸ ਗਏ ਤੇ ਉਥੇ ਪਾਦਰੀ ਸੇਰਗਈ ਨੇ ਪ੍ਰਾਰਥਨਾ ਨੂੰ ਕੁਝ ਸੰਖੇਪ ਕਰਦਿਆਂ ਹੋਇਆ ਭੋਗ ਪਾਇਆ।

ਪ੍ਰਾਰਥਨਾ ਸਮਾਪਤ ਹੋਣ ਤੋਂ ਤੁਰਤ ਪਿਛੋਂ ਪਾਦਰੀ ਸੇਰਗਈ ਨੇ ਉਥੇ ਹਾਜ਼ਰ ਲੋਕਾਂ ਨੂੰ ਅਸ਼ੀਰਵਾਦ ਦਿਤੀ ਤੇ ਗੁਫਾ ਦੇ ਦਰਵਾਜ਼ੇ ਕੋਲ ਐਲਮ ਦਰਖਤ ਦੇ ਹੇਠਾਂ ਰਖੀ ਬੈਂਚ ਵਲ ਬਾਹਰ ਚਲਾ ਗਿਆ। ਉਹ ਆਰਾਮ ਕਰਨਾ, ਤਾਜ਼ਾ ਹਵਾ ਵਿਚ ਸਾਹ ਲੈਣਾ ਚਾਹੁੰਦਾ ਸੀ। ਪਰ ਬਾਹਰ ਆਉਂਦਿਆਂ ਹੀ ਲੋਕਾਂ ਦੀ ਭੀੜ ਉਸਦਾ ਅਸ਼ੀਰਵਾਦ ਲੈਣ, ਸਲਾਹ-ਮਸ਼ਵਰਾ ਕਰਨ ਤੇ ਮਦਦ ਲੈਣ ਲਈ ਉਸ ਵਲ ਦੌੜੀ।

39