ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/46

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਇਸ ਭੀੜ ਵਿਚ ਉਹ ਤੀਰਥਯਾਤਰੀ ਔਰਤਾਂ ਵੀ ਸਨ, ਜੋ ਹਮੇਸ਼ਾ ਇਕ ਅਸਥਾਨ ਤੋਂ ਦੂਸਰੇ ਤੀਰਥ ਅਸਥਾਨ ਤੇ ਇਕ ਗੁਰੂ ਤੋਂ ਦੂਸਰੇ ਗੁਰੂ ਕੋਲ ਜਾਂਦੀਆਂ ਰਹਿੰਦੀਆਂ ਸਨ ਤੇ ਜੋ ਹਮੇਸ਼ਾ ਹੀ ਹਰ ਸਾਧੂ ਤੇ ਹਰ ਗੁਰੂ ਨੂੰ ਵੇਖਕੇ ਟੁੰਬੀਆਂ ਜਾਂਦੀਆਂ ਸਨ, ਉਹਨਾਂ ਦੀਆਂ ਅੱਖਾਂ ਵਿਚ ਹੰਝੂ ਛਲਕ ਆਉਂਦੇ ਸਨ। ਪਾਦਰੀ ਸੇਰਗਈ ਇਹਨਾਂ ਇਕੋ ਜਿਹੀਆਂ, ਸ਼ਰਧਾਹੀਣ, ਭਾਵਨਾਹੀਣ ਤੇ ਪ੍ਰੰਪਰਾਗਤ ਔਰਤਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਆਦਮੀ ਤੀਰਥ ਯਾਤਰੀਆਂ ਵਿਚ ਜ਼ਿਆਦਾਤਰ ਰੀਟਾਇਰਡ ਸੈਨਕ ਸਨ ਜੋ ਜੀਵਨ ਦੀ ਆਮ ਧਾਰਾ ਤੋਂ ਵੱਖ ਹੋ ਚੁਕੇ ਸਨ, ਗਰੀਬ ਤੇ ਜ਼ਿਆਦਾਤਰ ਪਿਆਕੜ ਬੁੱਢੇ ਸਨ, ਜੋ ਸਿਰਫ ਪੇਟ ਭਰਨ ਲਈ ਇਕ ਮਠ ਤੋਂ ਦੂਸਰੇ ਮਠ ਤੱਕ ਭਟਕਦੇ ਫਿਰਦੇ ਸਨ। ਇਸ ਭੀੜ ਵਿਚ ਅਨਪੜ੍ਹ ਕਿਸਾਨ ਤੇ ਕਿਸਾਨ ਔਰਤਾਂ ਵੀ ਸਨ ਤੇ ਇਹ ਸਾਰੇ ਆਪਣੇ ਸਵਾਰਥ ਸਿਧ ਕਰਨ ਦੇ ਹਿੱਤ ਨਾਲ ਰੋਗੀ ਨੂੰ ਰਾਜ਼ੀ ਕਰਾਉਣ ਜਾਂ ਕਾਰ ਵਿਹਾਰਕ ਕੰਮਾਂ-ਬੇਟੀ ਦੀ ਸ਼ਾਦੀ ਕਰਨ, ਦੁਕਾਨ ਕਿਰਾਏ ਉਤੇ ਲੈਣ ਤੇ ਜ਼ਮੀਨ ਖਰੀਦਣ ਦੇ ਬਾਰੇ ਆਪਣੇ ਸੰਦੇਹ ਮਿਟਾਉਣ, ਹਰਾਮੀ ਬੱਚੇ ਜਾਂ ਮਾਂ ਦੀ ਲਾਪਰਵਾਹੀ ਨਾਲ ਬੱਚੇ ਦੀ ਮੌਤ ਦਾ ਪਾਪ ਆਪਣੇ ਸਿਰ ਤੋਂ ਉਤਰਵਾਉਣ ਲਈ ਹੀ ਇਥੇ ਆਏ ਸਨ। ਪਾਦਰੀ ਸੇਰਗਈ ਬਹੁਤ ਸਮੇਂ ਤੋਂ ਇਹਨਾਂ ਸਾਰੀਆਂ ਗੱਲਾਂ ਤੋਂ ਜਾਣੂ ਸੀ ਤੇ ਉਹਨਾਂ ਵਿਚ ਉਸਦੀ ਕੋਈ ਵੀ ਦਿਲਚਸਪੀ ਨਹੀਂ ਸੀ। ਉਹ ਜਾਣਦਾ ਸੀ ਕਿ ਇਹਨਾਂ ਲੋਕਾਂ ਤੋਂ ਉਸਨੂੰ ਕੋਈ ਵੀ ਨਵੀਂ ਜਾਣਕਾਰੀ ਨਹੀਂ ਮਿਲ ਸਕਦੀ, ਕਿ ਇਹ ਲੋਕ ਉਸ ਵਿਚ ਕਿਸੇ ਤਰ੍ਹਾਂ ਦੀ ਵੀ ਧਾਰਮਕ ਭਾਵਨਾ ਪੈਦਾ ਨਹੀਂ ਕਰਦੇ, ਪਰ ਭੀੜ ਦੇ ਰੂਪ ਵਿਚ ਉਹਨਾਂ ਨੂੰ ਵੇਖਣਾ ਉਸਨੂੰ ਪਸੰਦ ਸੀ। ਐਸੀ ਭੀੜ ਦੇ ਰੂਪ ਵਿਚ, ਜਿਸਨੂੰ ਉਸਦੀ ਤੇ ਉਸਦੇ ਅਸ਼ੀਰਵਾਦ ਦੀ ਜ਼ਰੂਰਤ ਸੀ, ਜੋ ਉਸਦੇ ਸ਼ਬਦਾਂ ਨੂੰ ਮਹੱਤਤਾ ਦਿੰਦੀ ਸੀ। ਇਸੇ ਲਈ ਇਸ ਭੀੜ ਤੋਂ ਉਸਨੂੰ ਥਕਾਵਟ ਨਹੀਂ ਹੁੰਦੀ ਸੀ ਤੇ ਨਾਲ ਹੀ ਖੁਸ਼ੀ ਵੀ ਮਿਲਦੀ ਸੀ। ਪਾਦਰੀ ਸੇਰਾਪੀਓਨ ਨੇ ਇਹ ਕਹਿਕੇ ਲੋਕਾਂ ਨੂੰ ਭਜਾਉਣਾ ਚਾਹਿਆ ਕਿ ਸੇਰਗਈ ਥੱਕ ਗਏ ਹਨ, ਪਰ ਸੇਰਗਈ ਨੂੰ ਅੰਜੀਲ ਦੇ ਇਹ ਸ਼ਬਦ- "ਉਹਨਾਂ ਨੂੰ (ਬਚਿਆਂ ਨੂੰ) ਮੇਰੇ ਪਾਸ ਆਉਣ ਵਿਚ ਰੁਕਾਵਟ ਨਹੀਂ ਪਾਓ" -ਯਾਦ ਆ ਗਏ ਤੇ ਇਸਦੇ ਨਾਲ ਹੀ ਉਸਨੂੰ ਸਵੈ-ਸੰਤੁਸ਼ਟਤਾ ਦਾ ਅਹਿਸਾਸ ਹੋਇਆ ਤੇ ਉਸਨੇ ਕਿਹਾ ਕਿ ਉਹਨਾਂ ਨੂੰ ਆਉਣ ਦਿਤਾ ਜਾਏ। ਪਾਦਰੀ ਸੇਰਗਈ ਉਠਿਆ, ਉਸ ਜੰਗਲੇ ਕੋਲ ਗਿਆ, ਜਿਸਦੇ ਆਲੇ ਦੁਆਲੇ ਇਹ ਲੋਕ ਜਮ੍ਹਾ ਸਨ, ਉਹਨਾਂ ਨੂੰ ਅਸ਼ੀਰਵਾਦ ਤੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ ਲਗਾ। ਉਸਦੀ ਆਵਾਜ਼ ਏਨੀ ਦੁਰਬਲ ਸੀ ਕਿ ਉਹ ਖੁਦ ਟੁੰਬਿਆ ਗਿਆ। ਪਰ ਬਹੁਤ ਚਾਹੁਣ ਉਤੇ ਵੀ ਉਹ ਸਾਰਿਆਂ ਦੇ ਸਵਾਲਾਂ ਦਾ ਜਵਾਬ ਨਾ ਦੇ ਸਕਿਆ, ਉਸਦੀਆਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਗਿਆ, ਉਹ ਲੜਖੜਾਇਆ ਤੇ ਸੰਭਲਣ ਲਈ ਜੰਗਲੇ ਨੂੰ ਫੜ ਲਿਆ। ਫਿਰ ਉਸਨੇ ਖੂਨ ਸਿਰ ਵਲ ਦੌੜਦਾ ਮਹਿਸੂਸ ਕੀਤਾ ਤੇ ਉਸਦਾ ਚਿਹਰਾ ਪਹਿਲਾਂ ਤਾਂ ਪੀਲਾ ਪੈ ਗਿਆ ਤੇ ਫਿਰ ਅਚਾਨਕ ਲਾਲ ਹੋ ਗਿਆ।

40