ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/48

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਮਨ-ਅਮਾਨ ਪਸੰਦ ਸੀ, ਲੋਕਾਂ ਨੂੰ ਖਿੰਡਾਉਣਾ ਤੇ ਉਹਨਾਂ ਉਤੇ ਹੁਕਮ ਚਲਾਉਣਾ ਚੰਗਾ ਲਗਦਾ ਸੀ ਤੇ ਖ਼ਾਸ ਗੱਲ ਇਹ ਸੀ ਕਿ ਉਸਨੂੰ ਪਾਦਰੀ ਸੇਰਗਈ ਨਾਲ ਮਤਲਬ ਸੀ। ਉਹ ਰੰਡਾ ਸੀ, ਉਸਦੀ ਇਕਲੌਤੀ ਲੜਕੀ ਬਿਮਾਰ ਸੀ ਤੇ ਉਸਦਾ ਵਿਆਹ ਨਹੀਂ ਹੋ ਸਕਦਾ ਸੀ। ਉਹ ਚੌਦ੍ਹਾਂ ਸੌ ਵਰਸਟ ਤੋਂ ਆਪਣੀ ਲੜਕੀ ਨੂੰ ਇਸ ਲਈ ਲੈ ਕੇ ਇਥੇ ਆਇਆ ਸੀ ਕਿ ਪਾਦਰੀ ਸੇਰਗਈ ਉਸਨੂੰ ਰਾਜ਼ੀ ਕਰ ਦੇਵੇ। ਲੜਕੀ ਦੀ ਦੋ ਸਾਲ ਦੀ ਬਿਮਾਰੀ ਦੇ ਦੌਰਾਨ ਉਸਨੇ ਵੱਖ-ਵੱਖ ਥਾਵਾਂ ਤੋਂ ਉਸਦਾ ਇਲਾਜ ਕਰਵਾਇਆ ਸੀ। ਸ਼ੁਰੂ ਵਿਚ ਗੁਬੇਰਨੀਆਂ ਦੇ ਵਿਸ਼ਵ-ਵਿਦਿਆਲੇ ਵਾਲੇ ਇਕ ਸ਼ਹਿਰ ਦੇ ਹਸਪਤਾਲ ਵਿਚ-ਪਰ ਕੋਈ ਫਾਇਦਾ ਨਾ ਹੋਇਆ; ਇਸ ਪਿਛੋਂ ਸਮਾਰਾ ਗੁਬੇਰਨੀਆ ਦੇ ਇਕ ਪੇਂਡੂ ਪਾਸ ਉਸਨੂੰ ਲੈ ਗਿਆ- ਉਥੇ ਕੁਝ ਫਾਇਦਾ ਹੋਇਆ ਤੇ ਫਿਰ ਮਾਸਕੋ ਦੇ ਇਕ ਡਾਕਟਰ ਤੋਂ ਇਲਾਜ ਕਰਵਾਇਆ, ਜਿਸਨੇ ਖੂਬ ਪੈਸੇ ਬਟੋਰੇ ਸਨ, ਪਰ ਫਾਇਦਾ ਕੁਝ ਨਹੀਂ ਹੋਇਆ ਸੀ। ਹੁਣ ਕਿਸੇ ਨੇ ਉਸਨੂੰ ਕਿਹਾ ਸੀ ਕਿ ਪਾਦਰੀ ਸੇਰਗਈ ਲੋਕਾਂ ਨੂੰ ਸਵਾਸਥ ਦਾਨ ਕਰਦਾ ਹੈ, ਇਸ ਲਈ ਉਹ ਆਪਣੀ ਲੜਕੀ ਨੂੰ ਇੱਥੇ ਲਿਆਇਆ ਸੀ। ਖੈਰ, ਭੀੜ ਨੂੰ ਖਿੰਡਾਉਣ ਤੋਂ ਪਿਛੋਂ ਉਹ ਪਾਦਰੀ ਸੇਰਗਈ ਕੋਲ ਆਇਆ ਤੇ ਕਿਸੇ ਪ੍ਰਕਾਰ ਦੀ ਵੀ ਭੂਮਿਕਾ ਬੰਨ੍ਹਣ ਤੋਂ ਬਿਨਾਂ ਉਸਦੇ ਸਾਮ੍ਹਣੇ ਗੋਡੇ ਟੇਕ ਕੇ ਉੱਚੀ ਆਵਾਜ਼ ਵਿਚ ਕਹਿਣ ਲਗਾ-

"ਹੇ ਸੰਤ ਮਹਾਰਾਜ! ਮੇਰੀ ਬਿਮਾਰ ਲੜਕੀ ਨੂੰ ਰਾਜ਼ੀ ਕਰ ਦਿਓ, ਉਸਦੀ ਪੀੜਾ ਹਰ ਲਵੋ। ਮੈਂ ਤੁਹਾਡੇ ਪਵਿੱਤਰ ਚਰਨਾਂ ਨੂੰ ਛੂੰਹਦਾ ਹਾਂ।"

ਤੇ ਉਸਨੇ ਹੱਥ ਜੋੜ ਦਿਤੇ। ਇਹ ਸਭ ਕੁਝ ਉਸਨੇ ਐਸੇ ਢੰਗ ਨਾਲ ਕੀਤਾ ਤੇ ਕਿਹਾ ਜਿਵੇਂ ਇਹ ਕਾਨੂੰਨ ਤੇ ਰੀਤੀ-ਰਿਵਾਜ ਦੇ ਅਨੁਸਾਰ ਸਪਸ਼ਟ ਰੂਪ ਨਾਲ ਨਿਸ਼ਚਿਤ ਕੋਈ ਮੰਤਰ ਹੋਵੇ, ਜਿਵੇਂ ਕਿ ਸਿਰਫ ਏਸੇ ਢੰਗ ਨਾਲ, ਨਾ ਕਿ ਕਿਸੇ ਵੀ ਦੂਸਰੇ ਢੰਗ ਨਾਲ, ਉਸਨੂੰ ਆਪਣੀ ਲੜਕੀ ਨੂੰ ਰਾਜ਼ੀ ਕਰਵਾਉਣ ਦੀ ਪ੍ਰਾਰਥਨਾ ਕਰਨੀ ਚਾਹੀਦੀ ਸੀ। ਉਸਨੇ ਐਸੇ ਆਤਮ-ਵਿਸ਼ਵਾਸ ਨਾਲ ਇਹ ਕੁਝ ਕੀਤਾ ਕਿ ਪਾਦਰੀ ਸੇਰਗਈ ਤਕ ਨੂੰ ਵੀ ਐਸਾ ਲਗਾ ਕਿ ਇਹ ਇਸੇ ਢੰਗ ਨਾਲ ਕਿਹਾ ਤੇ ਕੀਤਾ ਜਾਣਾ ਚਾਹੀਦਾ ਹੈ। ਪਰ ਫਿਰ ਵੀ ਉਸਨੇ ਉਸਨੂੰ ਉਠਣ ਲਈ ਤੇ ਪੂਰੀ ਗੱਲ ਦੱਸਣ ਲਈ ਕਿਹਾ। ਵਪਾਰੀ ਨੇ ਦੱਸਿਆ ਕਿ ਉਸਦੀ ਲੜਕੀ ਬਾਈ ਸਾਲ ਦੀ ਕੁਆਰੀ ਕੁੜੀ ਹੈ, ਦੋ ਸਾਲ ਪਹਿਲਾਂ ਮਾਂ ਦੀ ਅਚਾਨਕ ਮੌਤ ਹੋ ਜਾਣ ਨਾਲ ਉਹ ਬਿਮਾਰ ਹੋ ਗਈ-ਪਿਤਾ ਦੇ ਸ਼ਬਦਾਂ ਵਿਚ, ਉਸਨੇ ਚੀਖ਼ ਮਾਰੀ ਤੇ ਉਦੋਂ ਤੋਂ ਹੀ ਬਿਮਾਰ ਹੈ। ਚੌਦਾਂ ਸੌ ਵਰਸਟ ਦੀ ਦੂਰੀ ਤੋਂ ਉਹ ਉਸਨੂੰ ਇਥੇ ਲਿਆਇਆ ਹੈ ਤੇ ਇਸ ਸਮੇਂ ਉਹ ਹੋਸਟਲ ਵਿਚ ਬੈਠੀ ਇਸ ਗੱਲ ਦੀ ਇੰਤਜ਼ਾਰ ਕਰ ਰਹੀ ਹੈ ਕਿ ਪਾਦਰੀ ਸੇਰਗਈ ਕਦੋਂ ਉਸਨੂੰ ਉਥੇ ਆਉਣ ਦਾ ਆਦੇਸ਼ ਦੇਂਦੇ ਹਨ। ਦਿਨ ਵੇਲੇ ਉਹ ਕਿਤੇ ਨਹੀਂ ਜਾਂਦੀ, ਉਜਾਲੇ ਤੋਂ ਡਰਦੀ ਹੈ ਤੇ ਸਿਰਫ਼ ਸੂਰਜ ਡੁੱਬਣ ਤੋਂ ਪਿਛੋਂ ਹੀ ਬਾਹਰ ਨਿਕਲ ਸਕਦੀ ਹੈ।

"ਤਾਂ ਕੀ ਉਹ ਬਹੁਤ ਕਮਜ਼ੋਰ ਹੈ?" ਪਾਦਰੀ ਸੇਰਗਈ ਨੇ ਪੁਛਿਆ।

42