ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/60

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕੋਠੜੀ ਵਿਚ ਬੈਠਾ ਉਸਦੀ ਇੰਤਜ਼ਾਰ ਕਰ ਰਿਹਾ ਸੀ। ਦੁਪਹਿਰ ਦੇ ਖਾਣੇ ਵੇਲੇ ਵੀ ਇਹ ਬਾਹਰ ਨਹੀਂ ਸੀ ਆਇਆ ਤੇ ਕੋਠੜੀ ਵਿਚ ਹੀ ਸ਼ੋਰਬਾ ਅਤੇ ਦਲੀਆ ਖਾ ਲਿਆ ਸੀ, ਜੋ ਲੂਕੇਰਿਆ ਉਸਨੂੰ ਦੇ ਗਈ ਸੀ।

"ਤੂੰ ਜਿਸ ਸਮੇਂ ਆਉਣ ਨੂੰ ਕਿਹਾ ਸੀ, ਉਸ ਤੋਂ ਪਹਿਲਾਂ ਹੀ ਕਿਉਂ ਆ ਗਈ?" ਸੇਰਗਈ ਨੇ ਪੁਛਿਆ। "ਹੁਣ ਅਸੀਂ ਗੱਲਾਂ ਕਰ ਸਕਦੇ ਹਾਂ?"

"ਪਤਾ ਨਹੀਂ ਕਿਸ ਤਰ੍ਹਾਂ ਮੈਨੂੰ ਇਹ ਖੁਸ਼ਕਿਸਮਤੀ ਪ੍ਰਾਪਤ ਹੋਈ ਹੈ, ਮੇਰੇ ਘਰ ਐਸਾ ਪ੍ਰਾਹੁਣਾ ਆਇਆ ਹੈ। ਮੈਂ ਇਕ ਸਬਕ ਛੱਡ ਦਿਤਾ। ਕਿਸੇ ਦੂਸਰੇ ਦਿਨ ਪੂਰਾ ਕਰ ਲਵਾਂਗੀ...ਮੈਂ ਤਾਂ ਤੁਹਾਡੇ ਕੋਲ ਜਾਣ ਦਾ ਸੁਪਨਾ ਹੀ ਦੇਖਦੀ ਰਹੀ, ਤੁਹਾਨੂੰ ਖਤ ਵੀ ਲਿਖਿਆ ਤੇ ਅਚਾਨਕ ਐਸੇ ਭਾਗ ਜਾਗੇ।"

"ਪਾਸ਼ੇਨਕਾ ਜੋ ਸ਼ਬਦ ਮੈਂ ਹੁਣ ਤੈਨੂੰ ਕਹਾਂਗਾ, ਕ੍ਰਿਪਾ ਕਰਕੇ ਉਹਨਾਂ ਨੂੰ ਪਵਿੱਤਰ ਇਕਬਾਲ, ਉਹਨਾਂ ਨੂੰ ਐਸੇ ਸ਼ਬਦ ਮੰਨਣਾ ਜੋ ਮੈਂ ਮਰਨ ਵੇਲੇ ਪ੍ਰਮਾਤਮਾਂ ਨੂੰ ਹਾਜ਼ਰ-ਨਾਜ਼ਰ ਸਮਝ ਕੇ ਕਹੇ ਹਨ। ਪਾਸ਼ੇਨਕਾ! ਮੈਂ ਪਵਿੱਤਰ ਆਤਮਾ ਨਹੀਂ ਹਾਂ, ਮੈਂ ਤਾਂ ਸਾਧਾਰਣ, ਬਿਲਕੁਲ ਸਾਧਾਰਣ ਵਿਅਕਤੀ ਵੀ ਨਹੀਂ ਹਾਂ। ਮੈਂ ਤਾਂ ਪਾਪੀ ਹਾਂ, ਨਰਕ ਦਾ ਕੀੜਾ, ਬਹੁਤ ਹੀ ਨੀਚ, ਕੁਰਾਹੀਆ, ਘੁਮੰਡੀ ਪਾਪੀ ਹਾਂ; ਪਤਾ ਨਹੀ ਸਾਰਿਆਂ ਤੋਂ ਹੀ ਗਿਆ ਗੁਜ਼ਰਿਆ ਹਾਂ ਜਾਂ ਨਹੀਂ, ਪਰ ਬੇਹੱਦ ਬੁਰਿਆਂ ਤੋਂ ਵੀ ਬੁਰਾ ਹਾਂ।"

ਪਾਸ਼ੇਨਕਾ ਪਹਿਲਾਂ ਤਾਂ ਅੱਖਾਂ ਫਾੜ-ਫਾੜ ਕੇ ਉਸ ਵੱਲ ਦੇਖਦੀ ਰਹੀ—ਉਹ ਕੁਝ ਕੁਝ ਵਿਸ਼ਵਾਸ ਕਰ ਰਹੀ ਸੀ। ਪਰ ਪਿਛੋਂ ਜਦੋਂ ਉਸਨੂੰ ਪੂਰੀ ਤਰ੍ਹਾਂ ਯਕੀਨ ਹੋ ਗਿਆ, ਤਾਂ ਉਸਨੇ ਆਪਣਾ ਹੱਥ ਉਸਦੇ ਹੱਥ ਨਾਲ ਛੂਹਿਆ ਤੇ ਦਿਆਪੂਰਵਕ ਢੰਗ ਨਾਲ ਮੁਸਕਰਾਉਂਦਿਆਂ ਹੋਇਆ ਕਿਹਾ—

"ਸਤੇਪਾਨ, ਸ਼ਾਇਦ ਤੁਸੀਂ ਵਧਾ-ਚੜ੍ਹਾ ਕੇ ਕਹਿ ਰਹੇ ਹੋ?"

"ਨਹੀਂ ਪਾਸ਼ੇਨਕਾ। ਮੈਂ ਵਿਭਚਾਰੀ ਹਾਂ, ਹਤਿਆਰਾ, ਪਖੰਡੀ ਤੇ ਧੋਖੇਬਾਜ਼ ਹਾਂ।"

"ਹੇ ਪ੍ਰਮਾਤਮਾ! ਇਹ ਮੈਂ ਕੀ ਸੁਣ ਰਹੀ ਹਾਂ?" ਪਰਾਸਕੋਵੀਆ ਮਿਖਾਇਲੋਵਨਾ ਕਹਿ ਉਠੀ।

"ਪਰ ਜਿਊਣਾ ਤਾਂ ਹੋਵੇਗਾ ਹੀ। ਤੇ ਮੈਂ ਜਿਹੜਾ ਸਮਝਦਾ ਸਾਂ ਕਿ ਸਭ ਕੁਝ ਜਾਣਦਾ ਹਾਂ, ਜੋ ਦੂਸਰਿਆਂ ਨੂੰ ਜਿਊਣ ਦਾ ਢੰਗ ਸਿਖਾਉਂਦਾ ਹਾਂ, ਉਹ ਹੀ ਮੈਂ, ਕੁਝ ਵੀ ਤਾਂ ਨਹੀਂ ਜਾਣਦਾ ਤੇ ਤੈਨੂੰ ਪ੍ਰਾਰਥਨਾ ਕਰਦਾ ਹਾਂ ਕਿ ਤੂੰ ਮੈਨੂੰ ਇਸਦੀ ਸਿਖਿਆ ਦੇਹ।"

"ਇਹ ਕੀ ਕਹਿ ਰਿਹਾ ਹੈ, ਸਤੇਪਾਨ। ਮਜ਼ਾਕ ਕਰ ਰਿਹੈਂ। ਕਿਉਂ ਤੁਸੀਂ ਹਮੇਸ਼ਾ ਮੇਰਾ ਮਜ਼ਾਕ ਉਡਾਉਂਦੇ ਰਹਿੰਦੇ ਹੋ?"

"ਚਲੋ ਐਸਾ ਹੀ ਸਹੀ ਕਿ ਮੈਂ ਮਜ਼ਾਕ ਕਰ ਰਿਹਾ ਹਾਂ। ਫਿਰ ਵੀ ਤੂੰ ਦੱਸ

54