ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਇਹ ਇਕ ਲੰਮੀ ਕਹਾਣੀ ਏ। ਇਹਨੂੰ ਸਮਝਾਉਣ ਲਈ ਕਾਫੀ ਲੰਮੀ ਕਹਾਣੀ ਸੁਨਾਉਣੀ ਪਵੇਗੀ।"

"ਤਾਂ ਠੀਕ ਏ, ਸੁਣਾਓ ਫਿਰ।"

ਈਵਾਨ ਵਾਸੀਲੀਏਵਿਚ ਨੇ ਘੜੀ ਕੁ ਲਈ ਸੋਚਿਆ ਤੇ ਸਿਰ ਹਿਲਾਇਆ।

"ਮੇਰੀ ਸਾਰੀ ਜ਼ਿੰਦਗੀ ਨੂੰ ਇਕ ਰਾਤ ਨੇ ਬਦਲ ਕੇ ਰੱਖ ਦਿਤਾ ਸੀ," ਉਹ ਬੋਲਿਆ, "ਸਗੋਂ, ਇਕ ਸਵੇਰ ਨੇ।"

"ਕਿਉਂ, ਕੀ ਗੱਲ ਵਾਪਰੀ ਸੀ?"

"ਗੱਲ ਇਹ ਵਾਪਰੀ ਸੀ ਕਿ ਮੈਂ ਬਹੁਤ ਬੁਰੀ ਤਰ੍ਹਾਂ ਪਿਆਰ ਵਿਚ ਡੁੱਬਾ ਹੋਇਆ ਸਾਂ। ਇਸ਼ਕ ਮੈਂ ਬਥੇਰੀ ਵਾਰੀ ਕੀਤੇ, ਪਰ ਇਸ ਵਾਰ ਇਹ ਸਭ ਤੋਂ ਜ਼ੋਰਾਵਾਰ ਸੀ। ਗੱਲ ਇਹ ਬੜੀ ਪੁਰਾਣੀ ਏ: ਉਸਦੀਆਂ ਧੀਆਂ ਵੀ ਵਿਆਹੀਆਂ ਵਰ੍ਹੀਆਂ ਜਾ ਚੁੱਕੀਐ। ਉਹਦਾ ਨਾਂ ਬ ਸੀ—ਹਾਂ, ਵਾਰੇਨਕਾ ਬ..." ਈਵਾਨ ਵਾਸੀਲੀਏਵਿਚ ਨੇ ਉਸਦਾ ਪ੍ਰਵਾਰਕ ਨਾਂ ਲਿਆ। "ਉਹ ਤਾਂ ਪੰਜਾਹ ਸਾਲਾਂ ਦੀ ਵੀ ਅਸਾਧਾਰਨ ਤੌਰ ਉਤੇ ਖੂਬਸੂਰਤ ਸੀ। ਪਰ ਜਦੋਂ ਉਹ ਅਠਾਰਾਂ ਸਾਲਾਂ ਦੀ ਮੁਟਿਆਰ ਸੀ ਤਾਂ ਉਹ ਨਿਰਾ ਸੁਪਨਾ ਸੀ: ਉੱਚੀ-ਲੰਮੀ, ਪਤਲੀ, ਛਬ-ਭਰੀ, ਠਾਠਦਾਰ,—ਹਾਂ, ਠਾਠਦਾਰ। ਉਹ ਹਮੇਸ਼ਾ ਆਪਣੇ ਆਪ ਨੂੰ ਇੰਝ ਸਿੱਧੀ ਰਖਦੀ ਸੀ ਜਿਵੇਂ ਕਿ ਉਹ ਝੁਕ ਹੀ ਨਾ ਸਕਦੀ ਹੋਵੇ; ਉਸਦਾ ਸਿਰ ਜ਼ਰਾ ਕੁ ਪਿੱਛੇ ਨੂੰ ਝੁਕਿਆ ਰਹਿੰਦਾ ਸੀ; ਇਹ ਚੀਜ਼, ਉਸਦੀ ਸੁੰਦਰਤਾ ਤੇ ਉੱਚੇ ਕੱਦ ਨਾਲ ਮਿਲ ਕੇ, ਭਾਵੇਂ ਕਿ ਉਹ ਏਨੀ ਪਤਲੀ ਸੀ ਕਿ ਨਿਰਾ ਪਿੰਜਰ ਲਗਦੀ ਸੀ, ਉਸਨੂੰ ਮਹਾਰਾਣੀਆਂ ਵਾਲੀ ਦਿੱਖ ਦੇ ਦਿੰਦੀ ਸੀ, ਜਿਹੜੀ ਬੰਦੇ ਵਿਚ ਸਹਿਮ ਪੈਦਾ ਕਰ ਸਕਦੀ ਸੀ। ਜੇ ਨਾਲ ਹੀ ਉਹਦੇ ਖੁਸ਼ਦਿਲ, ਮੋਹ ਲੈਣ ਵਾਲੀ ਮੁਸਕ੍ਰਾਹਟ ਨਾ ਹੁੰਦੀ ਤੇ ਉਹ ਚਿਹਰਾ, ਤੇ ਉਹ ਜਾਦੂ ਭਰੀਆਂ ਚਮਕਦੀਆਂ ਅੱਖਾਂ, ਤੇ ਉਹ ਸਾਰਾ ਮਨਮੋਹਣਾ, ਜੋਬਨ ਭਰਿਆ ਵਜੂਦ ਨਾ ਹੁੰਦਾ।

"ਈਵਾਨ ਵਾਸੀਲੀਏਵਿਚ ਤਾਂ ਕਿਆ ਤਸਵੀਰ ਖਿੱਚ ਕੇ ਰਖ ਦੇਂਦੈ!"

"ਮੈਂ ਕਿੰਨੀ ਵੀ ਤਸਵੀਰ ਕਿਉਂ ਨਾ ਖਿੱਚਾਂ, ਤਾਂ ਵੀ ਐਸੀ ਤਸਵੀਰ ਨਹੀਂ ਖਿੱਚ ਸਕਦਾ, ਜਿਸਤੋਂ ਤੁਸੀਂ ਸਮਝ ਸਕੋ ਕਿ ਉਹ ਕੀ ਸੀ। ਪਰ ਗੱਲ ਇਹ ਨਹੀਂ। ਮੈਂ ਜਿਹੜੀਆਂ ਘਟਨਾਵਾਂ ਦਸਣ ਲੱਗਾ ਹਾਂ ਇਹ ਚਾਲ੍ਹੀਵਿਆਂ ਵਿਚ ਵਾਪਰੀਆਂ ਸਨ।

"ਮੈਂ ਉਦੋਂ ਸੂਬਾਈ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਾ ਸਾਂ। ਮੈਨੂੰ ਨਹੀਂ ਪਤਾ ਇਹ ਚੰਗੀ ਗੱਲ ਸੀ ਜਾਂ ਮਾੜੀ, ਪਰ ਉਹਨਾਂ ਦਿਨਾਂ ਵਿਚ ਸਾਡੀ ਯੂਨੀਵਰਸਿਟੀ ਵਿਚ ਕੋਈ ਸਟੱਡੀ ਸਰਕਲ ਕੋਈ ਸਿਧਾਂਤ ਨਹੀਂ ਸੀ ਹੁੰਦਾ, ਅਸੀਂ ਬੱਸ ਨੌਜਵਾਨ ਹੁੰਦੇ ਸਾਂ ਤੇ ਨੌਜਵਾਨਾਂ ਵਾਂਗ ਰਹਿੰਦੇ ਸਾਂ-ਪੜ੍ਹਨਾ ਤੇ ਮੌਜ-ਮੇਲਾ ਕਰਨਾ। ਮੈਂ ਬੜਾ ਖੁਸ਼ਦਿਲ ਤੇ ਚੁਸਤ-ਫੁਰਤ ਮੁੰਡਾ ਹੁੰਦਾ ਸਾਂ, ਤੇ ਨਾਲ ਅਮੀਰ ਵੀ। ਮੇਰੇ ਕੋਲ ਬੜੇ ਤੇਜ਼-ਤਰਾਰ ਘੋੜੇ ਹੁੰਦੇ ਸਨ ਤੇ ਮੈਂ ਕੁੜੀਆਂ ਨੂੰ ਸਲੈਂਜ ਵਿਚ ਪਹਾੜੀ ਤੋਂ ਹੇਠਾਂ ਲਿਜਾਇਆ ਕਰਦਾ ਸਾਂ। (ਸਕੇਟਿੰਗ ਦਾ ਅੱਜੇ ਫੈਸ਼ਨ ਨਹੀਂ ਸੀ ਚੱਲਿਆ); ਆਪਣੇ ਸਾਥੀਆਂ ਨਾਲ

62