ਸਮੱਗਰੀ 'ਤੇ ਜਾਓ

ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਲ ਕੇ ਖੂਬ ਸ਼ਰਾਬ ਪੀਣੀ (ਉਹਨਾਂ ਦਿਨਾਂ ਵਿਚ ਅਸੀਂ ਸਿਰਫ ਸ਼ੈਮਪੇਨ ਪੀਂਦੇ ਹੁੰਦੇ ਸਾਂ; ਜੇ ਸਾਡੇ ਕੋਲ ਪੈਸੇ ਨਾ ਹੁੰਦੇ, ਤਾਂ ਅਸੀਂ ਕੁਝ ਨਾ ਪੀਂਦੇ, ਕਿਉਂਕਿ ਅਸੀਂ ਕਦੀ ਵੋਦਕਾ ਨਹੀਂ ਸਾਂ ਪੀਂਦੇ, ਜਿਸ ਤਰ੍ਹਾਂ ਹੁਣ ਪੀਂਦੇ ਨੇ); ਪਰ ਸਭ ਤੋਂ ਵਧ ਖੁਸ਼ੀ ਮੈਨੂੰ ਸ਼ਾਮ ਦੀਆਂ ਪਾਰਟੀਆਂ ਤੇ ਨਾਚ ਪਾਰਟੀਆਂ ਵਿਚ ਜਾ ਕੇ ਹੁੰਦੀ। ਨੱਚ ਮੈਂ ਚੰਗਾ ਲੈਂਦਾ ਸਾਂ, ਤੇ ਬਦਸ਼ਕਲ ਵੀ ਨਹੀਂ ਸਾਂ।"

"ਛੱਡੋ, ਬਹੁਤੀ ਨਿਮਰਤਾ ਨਾ ਦਿਖਾਓ," ਸੁਨਣ ਵਾਲਿਆਂ ਵਿਚੋਂ ਇਕ ਬੋਲਿਆ। "ਅਸੀਂ ਤੁਹਾਡੀ ਇਕ ਪੁਰਾਣੀ ਲੱਥੀ ਤਸਵੀਰ ਦੇਖੀ ਹੋਈ ਏ। ਤੁਸੀਂ ਬਦਸ਼ਕਲ ਦੀ ਗੱਲ ਕਰਦੇ ਹੋ! ਤੁਸੀਂ ਤਾਂ ਸਚਮੁਚ ਖੂਬਸੂਰਤ ਹੁੰਦੇ ਸੋ।"

"ਖੂਬਸੂਰਤ ਸਾਂ ਜਾਂ ਨਹੀਂ, ਗੱਲ ਇਹ ਨਹੀਂ ਸੀ ਜਿਹੜੀ ਮੈਂ ਕਹਿਣੀ ਚਾਹੁੰਦਾ ਸਾਂ। ਗੱਲ ਇਹ ਸੀ ਕਿ ਇਸ ਸਭ ਤੋਂ ਜ਼ੋਰਾਵਰ ਇਸ਼ਕ ਦੇ ਦੌਰਾਨ ਮੈਂ ਗੁਬੇਰਨੀਆ ਦੇ ਮੁਖੀ ਰਾਠ ਵਲੋਂ ਸ਼ਰਵਟਾਈਡ ਦੇ ਆਖਰੀ ਦਿਨ ਦਿਤੀ ਗਈ ਨਾਚ-ਪਾਰਟੀ ਵਿਚ ਸ਼ਾਮਲ ਹੋਇਆ, ਇਹ ਮੁਖੀ ਰਾਠ ਇਕ ਚੰਗੇ ਸੁਭਾਅ ਵਾਲਾ ਬਜ਼ੁਰਗ ਸੀ, ਅਮੀਰ ਸੀ, ਚੰਗੀ ਆਓ-ਭਗਤ ਕਰਦਾ ਸੀ ਤੇ ਦਰਬਾਰੀ ਆਦਮੀ ਸੀ। ਉਸਦੀ ਪਤਨੀ, ਉਸੇ ਵਰਗੀ ਹੀ ਮਿਲਣਸਾਰ, ਸਾਡੇ ਸੁਆਗਤ ਲਈ ਉਸਦੇ ਨਾਲ ਖੜੀ ਸੀ। ਉਸਨੇ ਭੂਰੀ ਮਖਮਲ ਦਾ ਗਾਊਨ ਪਾਇਆ ਹੋਇਆ ਸੀ ਤੇ ਆਪਣੇ ਵਾਲਾਂ ਵਿਚ ਇਕ ਹੀਰੇ ਦੀ ਜੜਾਊ ਟੋਪੀ ਲਾ ਰਖੀ ਸੀ, ਤੇ ਉਸਦੀ ਬੁੱਢੀ ਹੋ ਰਹੀ ਧੌਣ ਤੇ ਮੋਢੇ, ਗੁਦਗੁਦੇ ਤੇ ਗੋਰੇ, ਨੰਗੇ ਸਨ ਜਿਸ ਤਰ੍ਹਾਂ ਯੇਲਿਜ਼ਾਵੇਤਾ ਪਿਤਰੋਵਨਾ ਦੀ ਪੋਰਟਰੇਟ ਹੁੰਦੀ ਹੈ। ਨਾਚ-ਪਾਰਟੀ ਬੇਹੱਦ ਸ਼ਾਨਦਾਰ ਸੀ। ਨਾਚ ਵਾਲਾ-ਕਮਰਾ ਬੜਾ ਸੁੰਦਰ ਸੀ, ਇਕ ਖਾਸ ਭੂਮੀਪਤੀ ਦੇ, ਜਿਹੜੇ ਆਪ ਸੰਗੀਤ ਦਾ ਸ਼ੌਕ ਰਖਦਾ ਸੀ, ਪ੍ਰਸਿੱਧ ਭੂਮੀ-ਗੁਲਾਮ ਗਵਈਏ ਤੇ ਸਾਜ਼ਿੰਦੇ ਆਏ ਹੋਏ ਸਨ, ਖਾਣ ਨੂੰ ਬੜਾ ਕੁਝ ਸੀ, ਸ਼ੈਮਪੇਨ ਦੀਆਂ ਨਦੀਆਂ ਵਗ ਰਹੀਆਂ ਸਨ। ਭਾਵੇਂ ਮੈਨੂੰ ਸ਼ੈਮਪੇਨ ਬੜੀ ਚੰਗੀ ਲਗਦੀ ਸੀ, ਪਰ ਮੈਂ ਪੀਤੀ ਨਾ-ਮੈਨੂੰ ਪਿਆਰ ਦਾ ਨਸ਼ਾ ਚੜ੍ਹਿਆ ਹੋਇਆ ਸੀ। ਪਰ ਮੈਂ ਉਦੋਂ ਤੱਕ ਨੱਚਦਾ ਰਿਹਾ ਜਦੋਂ ਤੱਕ ਮੇਰੇ ਵਿਚ ਹਿੰਮਤ ਸੀ—ਮੈਂ ਕਾਦਰੀਲ ਨਾਚ ਕੀਤਾ, ਤੇ ਵਾਲਟਜ਼, ਤੇ ਪੋਲਕਾ, ਤੇ ਬੇਸ਼ਕ, ਜਿੰਨਾ ਵਧ ਤੋਂ ਵਧ ਹੋ ਸਕਦਾ ਸੀ, ਵਾਰੇਨਕਾ ਨਾਲ ਨੱਚਿਆ। ਉਸਨੇ ਚਿੱਟੇ ਕਪੜੇ ਪਾਏ ਹੋਏ ਸਨ ਤੇ ਗੁਲਾਬੀ ਕਮਰਬੰਦ ਬੰਨ੍ਹਿਆ ਹੋਇਆ ਸੀ, ਚਿੱਟੇ ਨਰਮ ਚਮੜੇ ਦੇ ਦਸਤਾਨੇ ਪਾਏ ਹੋਏ ਸਨ ਜਿਹੜੇ ਉਸਦੀਆਂ ਪਤਲੀਆਂ, ਨੋਕੀਲੀਆਂ ਅਰਕਾਂ ਤੱਕ ਨਹੀਂ ਸਨ ਪਹੁੰਚਦੇ, ਤੇ ਚਿੱਟੇ ਅਤਲਸ ਦੇ ਸਲੀਪਰ ਪਾਏ ਹੋਏ ਸਨ। ਇਕ ਅਨੀਸੀਮੋਵ ਨਾਂ ਦਾ ਇੰਨਜੀਨੀਅਰ ਮਾਜ਼ੂਰਕਾ ਨੱਚਣ ਵੇਲੇ ਉਸਨੂੰ ਮੇਰੇ ਕੋਲੋਂ ਲੈ ਗਿਆ। ਮੈਂ ਉਸਨੂੰ ਅੱਜ ਤੱਕ ਨਹੀਂ ਮੁਆਫ਼ ਕਰ ਸਕਿਆ। ਉਹ ਜਿਉਂ ਹੀ ਨਾਚ ਵਾਲੇ ਕਮਰੇ ਵਿਚ ਪੁੱਜੀ, ਇੰਜੀਨੀਅਰ ਨੇ ਉਸਨੂੰ ਸੱਦਾ ਦਿੱਤਾ, ਜਦ ਕਿ ਮੈਂ ਹੇਅਰ-ਡਰੈਸਰ ਵੱਲ, ਦਸਤਾਨਿਆਂ ਲਈ, ਚਲਾ ਗਿਆ ਸਾਂ, ਜਿਸ ਕਰਕੇ ਮੈਨੂੰ ਜ਼ਰਾ ਕੁ ਦੇਰ ਹੋ ਗਈ ਸੀ। ਤੇ ਇਸ ਤਰ੍ਹਾਂ ਮਾਜ਼ੂਰਕਾ ਉਸ ਨਾਲ ਨੱਚਣ ਦੀ ਥਾਂ ਮੈਂ ਇਕ

63