ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/71

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੋ, ਤੇ ਹੋਰ ਤੇ ਹੋਰ, ਉਹਨਾਂ ਔਰਤਾਂ ਨੂੰ ਕੱਪੜਿਆਂ ਤੋਂ ਹੇਠਾਂ ਵੀ ਦੇਖਦੇ ਹੋ, ਜਿਨ੍ਹਾਂ ਨੂੰ ਤੁਸੀਂ ਪਿਆਰ ਕਰਦੇ ਹੁੰਦੇ ਹੋ, ਪਰ ਮੇਰੇ ਲਈ, ਜਿਵੇਂ ਕਿ ਫ੍ਰਾਂਸੀਸੀ ਲੇਖਕ ਅਲਫਾਂਸ਼ ਕਾਰ ਨੇ ਕਿਹਾ ਹੈ—ਚੰਗਾ ਲੇਖਕ ਸੀ ਉਹ—ਮੇਰੇ ਇਸ਼ਕ ਦੀ ਮੂਰਤੀ ਦੇ ਹਮੇਸ਼ਾ ਕਾਂਸ਼ੀ ਦੇ ਕਪੜੇ ਪਾਏ ਹੁੰਦੇ ਹਨ। ਅਸੀਂ ਬੇਪਰਦ ਕਰਨ ਵਾਲਿਆਂ ਵਿਚੋਂ ਨਹੀਂ ਸਾਂ ਹੁੰਦੇ ਸਗੋਂ ਉਹਨਾਂ ਵਿਚੋਂ ਸਾਂ ਜਿਹੜੇ ਨਗਨਤਾ ਨੂੰ ਕੱਜਦੇ ਸਨ, ਨੌਹ ਦੇ ਚੰਗੇ ਸਪੂਤ ਵਾਂਗ। ਪਰ ਇਹ ਗੱਲਾਂ ਤੁਸੀਂ ਨਹੀਂ ਸਮਝ ਸਕਦੇ..."

"ਇਹਦੇ ਵੱਲ ਕੰਨ ਨਾ ਧਰੋ। ਇਹ ਦੱਸੋ ਅੱਗੋਂ ਕੀ ਹੋਇਆ?" ਸਾਡੇ ਵਿਚੋਂ ਇਕ ਬੋਲਿਆ।

"ਖੈਰ, ਮੈਂ ਬਹੁਤਾ ਉਸੇ ਨਾਲ ਹੀ ਨਾਚ ਕੀਤਾ, ਤੇ ਮੈਨੂੰ ਖਿਆਲ ਤੱਕ ਨਾ ਆਇਆ ਕਿ ਸਮਾਂ ਕਿਵੇਂ ਉੱਡਦਾ ਜਾਂਦਾ ਹੈ। ਸਾਜ਼ਿੰਦੇ ਏਨੇ ਥੱਕ ਗਏ ਸਨ—ਤੁਹਾਨੂੰ ਪਤਾ ਹੀ ਏ ਨਾਚ-ਪਾਰਟੀ ਦੇ ਅਖੀਰ ਵਿਚ ਕਿਸ ਤਰ੍ਹਾਂ ਹੁੰਦੈ—ਕਿ ਉਹ ਮਾਜ਼ੂਰਕਾ ਦੀ ਧੁਨ ਵਜਾਈ ਜਾ ਰਹੇ ਸਨ; ਸ਼ਾਮ ਦੇ ਖਾਣੇ ਦੀ ਉਡੀਕ ਵਿਚ ਮਾਵਾਂ ਤੇ ਪਿਓ ਬੈਠਕ ਵਿਚੋਂ ਤਾਸ਼ ਦੇ ਮੇਜ਼ਾਂ ਤੋਂ ਉੱਠਦੇ ਜਾ ਰਹੇ ਸਨ; ਨੌਕਰ ਦੌੜ ਦੌੜ ਕੇ ਚੀਜ਼ਾਂ ਲਿਆ ਰਹੇ ਸਨ। ਸਵੇਰ ਦੇ ਤਿੰਨ ਵੱਜਣ ਵਾਲੇ ਸਨ। ਇਹਨਾਂ ਆਖਰੀ ਘੜੀਆਂ ਤੋਂ ਲਾਭ ਉਠਾਉਣਾ ਜ਼ਰੂਰੀ ਸੀ। ਮੈਂ ਇਕ ਵਾਰੀ ਫਿਰ ਉਸਨੂੰ ਸੱਦਾ ਦਿਤਾ, ਤੇ ਸੌਵੀਂ ਵਾਰੀ ਅਸੀਂ ਸਾਰੇ ਹਾਲ-ਕਮਰੇ ਵਿਚ ਨੱਚਣ ਲਗੇ।

"ਖਾਣੇ ਤੋਂ ਮਗਰੋਂ ਕਾਦਰਿਲ ਮੇਰੇ ਨਾਲ ਨੱਚੋਗੇ ਨਾ? ਮੈਂ ਉਸਨੂੰ ਵਾਪਸ ਉਸਦੀ ਥਾਂ ਪੁਚਾਉਂਦਿਆਂ ਪੁੱਛਿਆ।

"ਬੇਸ਼ਕ, ਜੇ ਉਹ ਮੈਨੂੰ ਘਰ ਨਾ ਲੈ ਗਏ," ਉਸਨੇ ਮੁਸਕ੍ਰਾਉਂਦੀ ਨੇ ਜਵਾਬ ਦਿਤਾ।

"ਮੈਂ ਨਹੀਂ ਲਿਜਾਣ ਦੇਵਾਂਗਾ," ਮੈਂ ਕਿਹਾ।

"ਮੇਰਾ ਪੱਖਾ ਮੈਨੂੰ ਦੇ ਦਿਓ," ਉਹ ਬੋਲੀ।

"ਇਹ ਵਾਪਸ ਕਰਕੇ ਮੈਨੂੰ ਬੜਾ ਅਫਸੋਸ ਹੋ ਰਿਹੈ," ਉਸਦਾ ਛੋਟਾ ਜਿਹਾ ਚਿੱਟਾ ਸਸਤਾ ਪੱਖਾ ਉਸਨੂੰ ਵਾਪਸ ਕਰਦਿਆਂ ਮੈਂ ਕਿਹਾ।

ਤਾਂ ਫਿਰ ਆਹ ਲਵੋ, ਤੁਹਾਡਾ ਅਫਸੋਸ ਦੂਰ ਹੋ ਜਾਏ" ਉਸਨੇ ਪੱਖੇ ਵਿਚੋਂ ਇਕ ਖੰਭ ਤੋੜ ਕੇ ਮੈਨੂੰ ਦਿੰਦਿਆਂ ਕਿਹਾ।

"ਮੈਂ ਖੰਭ ਫੜ ਲਿਆ ਤੇ ਆਪਣੀ ਸਾਰੀ ਬੇਖੁਦੀ ਤੇ ਧੰਨਵਾਦ ਨੂੰ ਸਿਰਫ ਨਜ਼ਰਾਂ ਨਾਲ ਹੀ ਪ੍ਰਗਟ ਕਰ ਸਕਿਆ। ਮੈਂ ਸਿਰਫ ਖੁਸ਼ ਤੇ ਸੰਤੁਸ਼ਟ ਹੀ ਨਹੀਂ ਸਾਂ—ਮੈਂ... ਖੁਸ਼ਕਿਸਮਤ ਸਾਂ, ਮੈਂ ਆਨੰਦ ਵਿਚ ਸਾਂ, ਮੈਂ ਨੇਕ ਆਦਮੀ ਸਾਂ, ਮੈਂ ਨਹੀਂ ਸਾਂ ਰਿਹਾ, ਸਗੋਂ ਐਸਾ ਜੀਵ ਬਣ ਗਿਆ ਸਾਂ ਜਿਹੜਾ ਇਸ ਧਰਤੀ ਨਾਲ ਸੰਬੰਧਤ ਨਹੀਂ ਸੀ, ਜਿਹੜਾ ਕੋਈ ਬੁਰਾਈ ਨਹੀਂ ਸੀ ਕਰਨਾ ਜਾਣਦਾ, ਜਿਹੜਾ ਸਿਰਫ ‘ਭਲਾਈ ਹੀ ਕਰ ਸਕਦਾ ਸੀ।

"ਮੈਂ ਖੰਭ ਨੂੰ ਆਪਣੇ ਦਸਤਾਨੇ ਵਿਚ ਦੇ ਲਿਆ ਤੇ ਉਥੇ ਗੱਡਿਆ ਖੜਾ ਰਿਹਾ, ਜਿਵੇਂ ਉਸ ਕੋਲੋਂ ਜਾਣ ਦੀ ਮੇਰੇ ਵਿਚ ਸਮਰਥਾ ਨਹੀਂ ਸੀ।

65