ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/72

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਦੇਖੋ, ਉਹ ਪਾਪਾ ਨੂੰ ਨਾਚ ਕਰਨ ਲਈ ਕਹਿ ਰਹੇ ਨੇ," ਉਸਨੇ ਇਕ ਉੱਚੇ-ਲੰਮੇ, ਸ਼ਾਹੀ ਠਾਠ ਵਾਲੇ ਆਦਮੀ ਵੱਲ ਇਸ਼ਾਰਾ ਕਰਦੀ ਨੇ ਕਿਹਾ, ਜਿਹੜਾ ਕਿ ਉਸਦਾ ਪਿਤਾ ਸੀ—ਇਕ ਕਰਨੈਲ, ਜਿਸਨੇ ਮੋਢਿਆਂ ਉਤੇ ਆਪਣੀ ਚਾਂਦੀ ਦੇ ਪਦਚਿੰਨ, ਲਾਏ ਹੋਏ ਸਨ, ਉਹ ਦਰਵਾਜ਼ੇ ਵਿਚ ਖੜਾ ਸੀ ਤੇ ਘਰ ਦੀ ਮਾਲਕਣ ਤੇ ਦੂਜੀਆਂ ਸੁਆਣੀਆਂ ਨੇ ਉਸਨੂੰ ਘੇਰ ਰਖਿਆ ਸੀ।

"ਵਾਰੇਨਕਾ, ਇਧਰ ਆਓ," ਸਾਨੂੰ ਘਰ ਦੀ ਮਾਲਕਣ ਦੀ ਉੱਚੀ ਆਵਾਜ਼ ਸੁਣਾਈ ਦਿੱਤੀ, ਜਿਸਨੇ ਹੀਰਿਆਂ-ਜੜੀ ਟੋਪੀ ਪਾਈ ਹੋਈ ਸੀ ਤੇ ਜਿਸਦੇ ਮੋਢੇ ਯੇਲੀਜ਼ਵੇਤਾ ਵਰਗੇ ਸਨ।

"ਵਾਰੇਨਕਾ ਦਰਵਾਜ਼ੇ ਵੱਲ ਗਈ, ਤੇ ਮੈਂ ਉਸਦੇ ਮਗਰ ਮਗਰ ਗਿਆ।

"ਆਪਣੇ ਪਿਤਾ ਨੂੰ ਮਨਾਓ ਮੇਰੀ ਪਿਆਰੀ, ਕਿ ਉਹ ਤੁਹਾਡੇ ਨਾਲ ਨਾਚ ਕਰਨ। ਕਿਰਪਾ ਕਰਕੇ, ਪਿਓਤਰ ਵਲਾਦੀਸਲਾਵਿਚ," ਮਾਲਕਣ ਕਰਨੈਲ ਨੂੰ ਕਹਿਣ ਲਗੀ।

"ਵਾਰੇਨਕਾ ਦਾ ਪਿਤਾ ਬਹੁਤ ਸੁੰਦਰ, ਸ਼ਾਹੀ ਠਾਠ ਵਾਲਾ, ਉੱਚਾ-ਲੰਮਾ ਤੇ ਨੌ-ਬਰ-ਨੌ ਲਗਦਾ ਬਜ਼ੁਰਗ ਸੀ। ਉਸਦਾ ਲਾਲ ਭਖਦਾ ਚਿਹਰਾ ਸੀ, ਜਿਸ ਉਤੇ ਨਿਕੋਲਸ ਪਹਿਲੇ ਦੇ ਅੰਦਾਜ਼ ਵਿਚ ਮਰੋੜੀਆਂ ਗਈਆਂ ਚਿੱਟੀਆਂ ਮੁੱਛਾਂ ਸਨ, ਚਿੱਟੀਆਂ ਹੀ ਕਲਮਾਂ ਸਨ ਜਿਹੜੀਆਂ ਮੁੱਛਾਂ ਨਾਲ ਆ ਮਿਲਦੀਆਂ ਸਨ, ਵਾਲ ਅੱਗੇ ਨੂੰ ਕਰਕੇ ਵਾਹੇ ਪੁੜਪੁੜੀਆਂ ਢੱਕ ਰਹੇ ਸਨ, ਤੇ ਬਿਲਕੁਲ ਉਸੇ ਤਰ੍ਹਾਂ ਦੀ ਮੁਸਕਰਾਹਟ ਉਸਦੀਆਂ ਅੱਖਾਂ ਤੇ ਬੁਲ੍ਹਾਂ ਨੂੰ ਉਜਲਾ ਕਰ ਰਹੀ ਸੀ, ਜਿਸ ਤਰ੍ਹਾਂ ਦੀ ਉਸਦੀ ਧੀ ਦੀ ਸੀ। ਉਹ ਚੰਗੇ ਗਠੇ ਸਰੀਰ ਵਾਲਾ ਸੀ, ਚੌੜੀ ਛਾਤੀ, ਫੌਜੀ ਢੰਗ ਨਾਲ ਅੱਗੇ ਨੂੰ ਤਣੀ ਹੋਈ, ਤੇ ਇਸ ਉਤੇ ਤਮਗੇ ਸਨਿਮਰ ਢੰਗ ਨਾਲ ਸਜੇ ਹੋਏ ਸਨ, ਮਜ਼ਬੂਤ ਮੋਢੇ ਤੇ ਲੰਮੀਆਂ, ਸੋਹਣੀਆਂ ਲੱਤਾਂ ਸਨ। ਉਹ ਪੁਰਾਣੀ ਕਿਸਮ ਦਾ ਅਫਸਰ ਸੀ, ਜਿਸਦੀ ਫੌਜੀ ਦਿੱਖ ਨਿਕੋਲਸ ਸਕੂਲ ਵਾਲੀ ਸੀ।

"ਜਦੋਂ ਅਸੀਂ ਦਰਵਾਜ਼ੇ ਕੋਲ ਪੁੱਜੇ ਤਾਂ ਕਰਨੈਲ ਨਾਂਹ-ਨੁੱਕਰ ਕਰ ਰਿਹਾ ਸੀ, ਇਹ ਕਹਿੰਦਾ ਹੋਇਆ ਕਿ ਹੁਣ ਮੈਨੂੰ ਨੱਚਣਾ ਭੁੱਲ ਚੁਕਾ ਹੈ, ਪਰ ਤਾਂ ਵੀ ਮੁਸਕਰਾਉਂਦਿਆਂ, ਉਸਨੇ ਆਪਣਾ ਹੱਥ ਤਲਵਾਰ ਤੱਕ ਲਿਆਂਦਾ, ਇਸ ਨੂੰ ਪੇਟੀ ਵਿਚੋਂ ਕਢਿਆ, ਆਪਣੀਆਂ ਸੇਵਾਵਾਂ ਪੇਸ਼ ਕਰਨ ਲਈ ਤਤਪਰ ਖੜੇ ਨੌਜਵਾਨ ਨੂੰ ਫੜਾਈ ਤੇ ਆਪਣੇ ਸੱਜੇ ਹੱਥ ਉਤੇ ਸੁਈਡ ਦਾ ਦਸਤਾਨਾ ਚੜ੍ਹਾਉਂਦਿਆਂ ("ਸਭ ਕੁਝ ਨਿਯਮ ਅਨੁਸਾਰ," ਉਹ ਮੁਸਕਰਾਉਂਦਾ ਹੋਇਆ ਕਹਿਣ ਲੱਗਾ) ਉਸਨੇ ਆਪਣੀ ਧੀ ਦਾ ਹੱਥ ਫੜਿਆ, ਜ਼ਰਾ ਕੁ ਟੇਢਾ ਹੋ ਕੇ ਖੜੋ ਗਿਆ, ਤੇ ਸੰਗੀਤ ਸ਼ੁਰੂ ਹੋਣ ਦੀ ਉਡੀਕ ਕਰਨ ਲੱਗਾ।

"ਜਿਉਂ ਹੀ ਮਾਜ਼ੂਰਕਾ ਲਈ ਧੁਨ ਸ਼ੁਰੂ ਹੋਈ, ਉਸਨੇ ਇਕ ਪੈਰ ਜ਼ੋਰ ਨਾਲ ਹੇਠਾਂ ਮਾਰਿਆ, ਦੂਜੇ ਪੈਰ ਨੂੰ ਘੁਮਾਇਆ, ਤੇ ਫਿਰ ਉਸਦਾ ਉੱਚਾ-ਲੰਮਾ, ਭਰਵਾਂ ਸ਼ਰੀਰ ਨਾਚ-ਕਮਰੇ ਵਿਚ ਤਰਨ ਲਗੀ। ਉਹ ਇਕ ਪੈਰ ਦੂਜੇ ਨਾਲ ਮਾਰਦਾ, ਕਦੀ ਆਹਿਸਤਾ ਜਿਹੇ ਤੋਂ ਮਟਕ ਨਾਲ ਕਦੀ ਤੇਜ਼ ਤੇ ਜ਼ੋਰ ਨਾਲ। ਵਾਰੇਨਕਾ ਦਾ ਛਬ-

66