ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/73

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਭਰਿਆ ਸਰੀਰ ਵੀ ਉਸਦੇ ਨਾਲ ਹੀ ਤਰ ਰਿਹਾ ਸੀ। ਬਿਨਾਂ ਮਹਿਸੂਸ ਹੋਣ ਦੇਣ ਦੇ ਤੇ ਹਮੇਸ਼ਾ ਹੀ ਐਨ ਵਕਤ ਸਿਰ, ਉਹ ਆਪਣੇ ਨਿੱਕੇ ਨਿੱਕੇ ਅਤਲਸੀ ਪੈਰਾਂ ਦੇ ਕਦਮ ਨੂੰ ਉਸਦੇ ਕਦਮ ਨਾਲ ਮੇਲਣ ਲਈ ਵੱਡਾ ਜਾਂ ਛੋਟਾ ਕਰਦੀ ਜਾ ਰਹੀ ਸੀ। ਸਾਰੇ ਜਣੇ ਜੋੜੇ ਦੀ ਹਰ ਹਰਕਤ ਨੂੰ ਗਹੁ ਨਾਲ ਦੇਖ ਰਹੇ ਸਨ। ਮੈਂ ਸਿਰਫ਼ ਪ੍ਰਸੰਸਾ ਹੀ ਨਹੀਂ ਸਗੋਂ ਇਕ ਤਰ੍ਹਾਂ ਦੀ ਡੂੰਘੀ ਮੁਗਧਤਾ ਮਹਿਸੂਸ ਕਰ ਰਿਹਾ ਸਾਂ। ਕਰਨੈਲ ਦੇ ਬੂਟਾਂ ਦੀ ਝਲਕ ਨੇ ਮੈਨੂੰ ਖਾਸ ਕਰਕੇ ਟੁੰਬਿਆ। ਇਹ ਚੰਗੇ ਬਛੜੇ ਦੇ ਚਮੜੇ ਦੇ ਬੂਟ ਸਨ, ਪਰ ਇਹ ਅੱਡੀ ਤੋਂ ਬਿਨਾਂ ਸਨ, ਤੇ ਫੈਸ਼ਨੇਬਲ ਤਿੱਖੇ ਪੱਬਾਂ ਦੀ ਥਾਂ ਚੌੜੇ ਪੱਬਾਂ ਵਾਲੇ ਸਨ। ਪ੍ਰਤੱਖ ਤੌਰ ਉਤੇ, ਇਹਨਾਂ ਨੂੰ ਬਟਾਲੀਅਨ ਦੇ ਮੋਚੀ ਨੇ ਬਣਾਇਆ ਸੀ। ਇਹ ਫੈਸ਼ਨੇਬਲ ਬੂਟਾਂ ਦੀ ਥਾਂ ਸਾਧਾਰਨ ਬੂਟ ਇਸ ਲਈ ਪਾਉਂਦਾ ਹੈ ਤਾਂ ਕਿ ਆਪਣੀ ਪਿਆਰੀ ਧੀ ਨੂੰ ਚੰਗੇ ਕਪੜੇ ਪੁਆ ਸਕੇ ਤੇ ਸੁਸਾਇਟੀ ਵਿਚ ਲਿਆ ਸਕੇ, ਮੈਂ ਆਪਣੇ ਆਪ ਵਿਚ ਸੋਚਿਆ ਤੇ ਇਹੀ ਕਾਰਨ ਸੀ ਕਿ ਮੈਂ ਉਸਦੇ ਚੌੜੇ ਪੱਬਾਂ ਵਾਲੇ ਬੂਟਾਂ ਤੋਂ ਟੁੰਬਿਆ ਗਿਆ ਸਾਂ। ਹਰ ਕੋਈ ਦੇਖ ਸਕਦਾ ਸੀ ਕਿ ਕਦੀ ਉਹ ਬੜੀ ਸੋਹਣੀ ਤਰ੍ਹਾਂ ਨੱਚਦਾ ਰਿਹਾ ਸੀ, ਪਰ ਹੁਣ ਉਸਦਾ ਸਰੀਰ ਭਾਰਾ ਹੋ ਚੁੱਕਾ ਸੀ ਤੇ ਲੱਤਾਂ ਏਨੀਆਂ ਲੱਚਕਦਾਰ ਨਹੀਂ ਸਨ ਰਹੀਆਂ ਕਿ ਉਹ ਸਾਰੀਆਂ ਤੇਜ਼ ਤੇ ਸੁੰਦਰ ਹਰਕਤਾਂ ਕਰ ਸਕੇ, ਜਿਹੜੀਆਂ ਕਰਨ ਦੀ ਉਹ ਕੋਸ਼ਿਸ਼ ਕਰ ਰਿਹਾ ਸੀ। ਪਰ ਉਸਨੇ ਕਮਰੇ ਦੇ ਦੋ ਚੱਕਰ ਬੜੀ ਚੰਗੀ ਤਰ੍ਹਾਂ ਲਾਏ, ਤੇ ਹਰ ਕੋਈ ਤਾਲੀਆਂ ਵਜਾਉਂਦਾ ਜਦੋਂ ਉਹ ਤੇਜ਼ੀ ਨਾਲ ਆਪਣੇ ਪੈਰ ਫੈਲਾਉਂਦਾ, ਫਿਰ ਉਹ ਮੁੜ ਕੇ ਹੁੱਝਕੇ ਨਾਲ ਇਕੱਠਿਆਂ ਕਰਦਾ ਤੇ, ਜ਼ਰਾ ਬੋਝਲ ਜਿਹੇ ਢੰਗ ਨਾਲ, ਇਕ ਗੋਡੇ ਉਤੇ ਝੁਕ ਜਾਂਦਾ। ਤੇ ਉਹ ਮੁਸਕਰਾਉਂਦੀ ਹੋਈ ਆਪਣੇ ਅੜੇ ਸਕਰਟ ਨੂੰ ਛੁਡਾਉਂਦੀ ਹੋਈ ਉਸਦੇ ਦੁਆਲੇ ਬੜੀ ਸ਼ਾਨ ਨਾਲ ਤੁਰਦੀ ਰਹੀ। ਜਦੋਂ ਫਿਰ ਉਹ ਕੋਸ਼ਿਸ਼ ਕਰਕੇ ਖੜਾ ਹੋ ਜਾਂਦਾ, ਤਾਂ ਉਹ ਬੜੇ ਪਿਆਰ ਨਾਲ ਆਪਣੇ ਹੱਥ ਆਪਣੀ ਧੀ ਦੇ ਕੰਨਾਂ ਉਤੇ ਰਖਦਾ ਤੇ ਉਸਦਾ ਮੱਥਾ ਚੁੰਮਦਾ, ਫਿਰ ਉਹ ਉਸਨੂੰ ਮੇਰੇ ਤੱਕ ਲੈ ਆਇਆ। ਉਸਦਾ ਖਿਆਲ ਸੀ ਕਿ ਮੈਂ ਉਸਦਾ ਨਾਚ ਦਾ ਸਾਥੀ ਹਾਂ। ਮੈਂ ਉਸਨੂੰ ਦਸਿਆ ਕਿ ਮੈਂ ਉਸਦਾ ਨਾਚ ਦਾ ਸਾਥੀ ਨਹੀਂ।

"ਕੋਈ ਗੱਲ ਨਹੀਂ; ਤੂੰ ਇਹਦੇ ਨਾਲ ਨੱਚ," ਉਹ ਨਿੱਘੀ ਤਰ੍ਹਾਂ ਮੁਸਕਰਾਉਂਦਾ ਹੋਇਆ ਤੇ ਆਪਣੀ ਤਲਵਾਰ ਨੂੰ ਵਾਪਸ ਆਪਣੀ ਮਿਆਨ ਵਿਚ ਪਾਉਂਦਾ ਹੋਇਆ ਬੋਲਿਆ। 

"ਬਿਲਕੁਲ ਜਿਸ ਤਰ੍ਹਾਂ ਬੋਤਲ ਵਿਚੋਂ ਨਿਕਲਿਆ ਪਹਿਲਾ ਤੁਪਕਾ ਪੂਰੀ ਛੱਲ ਆਪਣੇ ਨਾਲ ਲੈ ਕੇ ਆਉਂਦਾ ਹੈ, ਇਸੇ ਤਰ੍ਹਾਂ ਵਾਰੇਨਕਾ ਲਈ ਮੇਰੇ ਪਿਆਰ ਨੇ ਮੇਰੀ ਆਤਮਾ ਵਿਚ ਲੁਕੇ ਸਾਰੇ ਪਿਆਰ ਦਾ ਕੜ ਪਾੜ ਦਿਤਾ। ਮੈਂ ਸਾਰੀ ਦੁਨੀਆਂ ਨੂੰ ਪਿਆਰ ਨਾਲ ਆਪਣੀ ਗਲਵਕੜੀ ਵਿਚ ਲੈ ਲਿਆ। ਮੈਂ ਹੀਰਿਆਂ ਜੜੀ ਟੋਪੀ ਵਾਲੀ ਘਰ ਦੀ ਮਾਲਕਣ ਨੂੰ, ਉਸਦੇ ਪਤੀ ਨੂੰ, ਤੇ ਉਸਦੇ ਪਰਾਹੁਣਿਆਂ ਨੂੰ, ਤੇ ਉਸਦੇ ਨੌਕਰਾਂ-ਚਾਕਰਾਂ ਨੂੰ, ਤੇ ਇਥੋਂ ਤੱਕ ਕਿ ਇੰਜੀਨੀਅਰ ਅਨੀਸੀਮੋਵ ਨੂੰ ਵੀ, ਜਿਹੜਾ ਸਪਸ਼ਟ ਹੀ ਮੇਰੇ ਨਾਲ ਨਾਰਾਜ਼ ਸੀ, ਪਿਆਰ ਕਰਨ ਲੱਗਾ। ਜਿਥੋਂ ਤੱਕ ਚੌੜੇ ਪੱਬਾਂ ਵਾਲੇ

67