ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/77

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਇਕ ਕਦਮ ਅੱਗੇ ਹੋਇਆ ਤੇ ਏਨੀ ਜ਼ੋਰ ਦੀ ਆਪਣਾ ਚਾਬੁਕ ਤਾਤਾਰ ਦੀ ਪਿੱਠ ਉਤੇ ਵਰ੍ਹਾਇਆ ਕਿ ਇਹ ਹਵਾ ਵਿਚ ਸ਼ੂਕਦਾ ਹੋਇਆ ਲੰਘਿਆ। ਤਾਤਾਰ ਅੱਗੇ ਨੂੰ ਡਿੱਗ ਪਿਆ, ਪਰ ਸਿਪਾਹੀਆਂ ਨੂੰ ਉਸਨੂੰ ਹਝੋਕੇ ਨਾਲ ਖੜਾ ਕਰ ਦਿਤਾ, ਤੇ ਫਿਰ ਇਕ ਹੋਰ ਚਾਬੁਕ ਦੂਜੇ ਪਾਸਿਉਂ ਪਿਆ, ਫਿਰ ਇਸ ਪਾਸਿਉਂ, ਤੇ ਫਿਰ ਦੂਜੇ ਪਾਸਿਉਂ।...ਕਰਨੈਲ ਉਸਦੇ ਨਾਲ ਨਾਲ ਚੱਲ ਪਿਆ ਸੀ। ਉਹ ਕਦੀ ਆਪਣੇ ਪੈਰਾਂ ਵੱਲ ਦੇਖਣ ਲਗ ਪੈਂਦਾ, ਤੇ ਕਦੀ ਦੋਸ਼ੀ ਵੱਲ, ਜ਼ੋਰ ਦੀ ਸਾਹ ਲੈਂਦਾ, ਗਲ੍ਹਾਂ ਫੁਲਾ ਲੈਂਦਾ ਤੇ ਫਿਰ ਘੁੱਟੇ ਹੋਏ ਬੁਲ੍ਹਾਂ ਵਿਚੋਂ ਹੌਲੀ ਹੌਲੀ ਸਾਹ ਕਢਦਾ। ਜਦੋਂ ਸਾਰਾ ਜਲੂਸ ਉਸ ਥਾਂ ਪੁੱਜਾ ਜਿਥੇ ਮੈਂ ਖੜਾ ਸਾਂ, ਤਾਂ ਖੜੇ ਸਿਪਾਹੀਆਂ ਦੇ ਵਿਚਕਾਰੋਂ ਦੀ ਮੈਂ ਦੋਸ਼ੀ ਦੀ ਪਿੱਠ ਉਤੇ ਇਕ ਝਾਤੀ ਮਾਰੀ। ਇਹ ਕੋਈ ਵਰਨਣ ਤੋਂ ਬਾਹਰੀ ਚੀਜ਼ ਲਗਦੀ: ਲਾਸਾਂ ਪਈਆਂ ਹੋਈਆਂ, ਸਿਲ੍ਹੀ, ਤੇ ਗ਼ੈਰ-ਕੁਦਰਤੀ ਕੋਈ ਚੀਜ਼। ਮੈਨੂੰ ਯਕੀਨ ਨਹੀਂ ਸੀ ਆ ਰਿਹਾ ਕਿ ਇਹ ਮਨੁੱਖ ਦਾ ਸਰੀਰ ਹੈ।

"ਹੇ ਪ੍ਰਮਾਤਮਾ!" ਮੇਰੇ ਕੋਲ ਖੜੋਤਾ ਲੁਹਾਰ ਬੁੜਬੁੜਾਇਆ।"

"ਜਲੂਸ ਅੱਗੇ ਵਧਦਾ ਗਿਆ। ਮਰੋੜੇ ਖਾਂਦੇ, ਡਿਗਦੇ ਢਹਿੰਦੇ ਵਿਅਕਤੀ ਦੇ ਉਤੇ ਦੋਹਾਂ ਪਾਸਿਆਂ ਤੋਂ ਚਾਬੁਕ ਪੈਂਦੇ ਰਹੇ, ਢੋਲ ਵਜਦਾ ਰਿਹਾ, ਬੀਨ ਚੀਕਦੀ ਰਹੀ, ਤੇ ਉੱਚਾ-ਲੰਮਾ, ਸ਼ਾਹੀ ਠਾਠ ਵਾਲਾ ਕਰਨੈਲ ਦ੍ਰਿੜ ਕਦਮਾਂ ਨਾਲ ਕੈਦੀ ਦੇ ਨਾਲ ਨਾਲ ਤੁਰਦਾ ਰਿਹਾ। ਇਕਦਮ ਕਰਨੈਲ ਰੁਕਿਆ ਤੇ ਤੇਜ਼ੀ ਨਾਲ ਇਕ ਸਿਪਾਹੀ ਵੱਲ ਗਿਆ।

"'ਖੁੰਝ ਗਿਐ? ਮੈਂ ਦੱਸਦਾ ਤੈਨੂੰ,' ਮੈਂ ਉਸਨੂੰ ਕ੍ਰੋਧ ਵਿਚ ਕਹਿੰਦਿਆਂ ਸੁਣਿਆ।' "ਫੇਰ ਖੁੰਝੇਗਾ? ਖੁੰਝੇਗਾ?"

"ਤੇ ਦੇਖਿਆ ਕਿ ਕਿਵੇਂ ਉਹ ਆਪਣੇ ਦਸਤਾਨੇ ਵਾਲੇ ਮਜ਼ਬੂਤ ਹੱਥ ਨਾਲ ਛੋਟੇ ਕੱਦ ਵਾਲੇ, ਕਮਜ਼ੋਰ ਜਿਹੇ ਸਿਪਾਹੀ ਦੇ ਮੂੰਹ ਉਤੇ ਇਸ ਕਰਕੇ ਘਸੁੰਨ ਜੜਨ ਲਗ ਪਿਆ ਕਿ ਉਸਦਾ ਚਾਬੁਕ ਤਾਤਾਰ ਦੀ ਲਹੂ-ਲੁਹਾਣ ਪਿੱਠ ਉਤੇ ਕਾਫੀ ਜ਼ੋਰ ਦੀ ਨਹੀਂ ਸੀ ਪਿਆ।

"ਨਵੇਂ ਚਾਬੁਕ ਲਿਆਓ!" ਕਰਨੈਲ ਨੇ ਉੱਚੀ ਸਾਰੀ ਕਿਹਾ। ਬੋਲਦਾ ਹੋਇਆ ਉਹ ਮੁੜਿਆ ਤੇ ਉਸਦੀ ਨਜ਼ਰ ਮੇਰੇ ਉਤੇ ਪੈ ਗਈ। ਇਹ ਬਹਾਨਾ ਕਰਦਿਆਂ, ਕਿ ਉਹ ਮੈਨੂੰ ਨਹੀਂ ਜਾਣਦਾ, ਉਸਨੇ ਗੁੱਸੇ ਵਿਚ ਤਿਊੜੀ ਪਾ ਲਈ ਤੇ ਫਿਰ ਜਲਦੀ ਨਾਲ ਦੂਜੇ ਪਾਸੇ ਮੂੰਹ ਫੇਰ ਲਿਆ। ਮੈਂ ਏਨਾ ਸ਼ਰਮਿੰਦਾ ਮਹਿਸੂਸ ਕਰਨ ਲੱਗਾ ਕਿ ਮੈਨੂੰ ਸਮਝ ਨਹੀਂ ਸੀ ਆ ਰਹੀ ਕਿ ਮੈਂ ਆਪਣੀਆਂ ਅੱਖਾਂ ਕਿਧਰ ਫੇਰਾਂ, ਜਿਵੇਂ ਕਿ ਮੈਂ ਕੋਈ ਸ਼ਰਮਨਾਕ ਗੱਲ ਕਰਦਾ ਫੜਿਆ ਗਿਆ ਹੋਵਾਂ। ਸਿਰ ਸੁੱਟ ਕੇ ਮੈਂ ਜਲਦੀ ਜਲਦੀ ਘਰ ਮੁੜ ਆਇਆ। ਸਾਰਾ ਰਸਤਾ ਮੈਨੂੰ ਢੋਲ ਵਜਦਾ, ਬੀਨ ਚੀਕਦੀ ਸੁਣਾਈ ਦਿੰਦੀ ਰਹੀ ਤੇ ਨਾਲੇ ਇਹ ਲਫਜ਼, 'ਰਹਿਮ ਕਰੋ' ਤੇ ਕਰਨੈਲ ਦੀ ਕ੍ਰੋਧ ਨਾਲ ਭਰੀ ਹੋਈ ਸਵੈ-ਵਿਸ਼ਵਾਸ ਵਾਲੀ ਆਵਾਜ਼— 'ਫੇਰ ਖੁੰਝੇਗਾ? ਖੁੰਝੇਗਾ?' ਤੇ ਮੇਰੇ ਦਿਲ ਦਾ ਦਰਦ ਏਨਾਂ ਅਸਹਿ ਸੀ, ਕਿ ਮੈਨੂੰ ਕੈਅ ਆਉਣ ਕਰਦੀ ਸੀ, ਜਿਸ ਕਰਕੇ ਮੈਂ ਕਈ ਵਾਰੀ ਰੁਕਿਆ ਵੀ। ਮੈਨੂੰ ਲੱਗਾ ਕਿ ਮੈਨੂੰ ਉਹ ਸਾਰੀ ਭਿਅੰਕਰਤਾ ਕੱਢ ਮਾਰਨੀ ਚਾਹੀਦੀ ਹੈ, ਜਿਹੜੀ ਇਹ ਦ੍ਰਿਸ਼ ਨੇ ਮੇਰੇ ਵਿਚ ਭਰ ਦਿੱਤੀ ਹੈ। ਮੈਨੂੰ ਨਹੀਂ ਯਾਦ ਕਿ

71