ਪੰਨਾ:ਪਾਦਰੀ ਸੇਰਗਈ - ਲਿਓ ਤਾਲਸਤਾਏ - ਗੁਰਬਖ਼ਸ਼ ਸਿੰਘ ਫ਼ਰੈਂਕ.pdf/78

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮੈਂ ਘਰ ਕਿਵੇਂ ਪੁੱਜਾ ਤੇ ਮੰਜੇ ਉਤੇ ਜਾ ਪਿਆ, ਪਰ ਜਿਉਂ ਹੀ ਮੈਂ ਉੱਘਲਾਉਣ ਲਗਦਾ, ਤਾਂ ਸਾਰਾ ਕੁਝ ਮੁੜ ਕੇ ਮੈਨੂੰ ਸੁਣਾਈ ਦੇਣ ਲਗ ਪੈਂਦਾ ਤੇ ਮੇਰੀਆਂ ਅੱਖਾਂ ਸਾਹਮਣੇ ਆ ਜਾਂਦਾ, ਤੇ ਮੈਂ ਤ੍ਰਭਕ ਕੇ ਉੱਠ ਪੈਂਦਾ।

'ਜ਼ਰੂਰ ਕੋਈ ਐਸੀ ਗੱਲ ਹੋਵੇਗੀ, ਜਿਸਨੂੰ ਉਹ ਤਾਂ ਜਾਣਦਾ ਹੈ ਪਰ ਮੈਂ ਨਹੀਂ ਜਾਣਦਾ,' ਮੈਂ ਕਰਨੈਲ ਬਾਰੇ ਸੋਚਦਿਆਂ ਆਪਣੇ ਮਨ ਵਿਚ ਕਿਹਾ। 'ਜੇ ਮੈਂ ਜਾਣਦਾ ਹੁੰਦਾ, ਜੋ ਕੁਝ ਉਹ ਜਾਣਦਾ ਹੈ, ਤਾਂ ਮੈਨੂੰ ਸਮਝ ਆ ਜਾਂਦੀ, ਤੇ ਜੋ ਕੁਝ ਮੈਂ ਦੇਖਿਆ ਹੈ, ਉਹ ਮੈਨੂੰ ਏਨਾਂ ਦੁਖੀ ਨਾ ਕਰਦਾ। ਤੇ ਬਥੇਰਾ ਦਮਾਗ ਲੜਾਇਆ, ਪਰ ਮੇਰੀ ਸਮਝ ਵਿਚ ਨਾ ਆਇਆ ਕਿ ਉਹ ਕਿਹੜੀ ਗੱਲ ਹੈ ਜਿਸਦਾ ਕਰਨੈਲ ਨੂੰ ਪਤਾ ਹੈ, ਤੇ ਸ਼ਾਮ ਤੱਕ ਮੈਨੂੰ ਨੀਂਦ ਨਾ ਆ ਸਕੀ, ਤੇ ਸ਼ਾਮ ਨੂੰ ਵੀ ਨਾ ਆਈ ਜਦੋਂ ਮੈਂ ਇਕ ਦੋਸਤ ਕੋਲ ਜਾ ਕੇ ਉਸ ਨਾਲ ਏਨੀ ਸ਼ਰਾਬ ਨਾ ਪੀ ਲਈ ਕਿ ਬੇਸੁੱਧ ਹੋ ਗਿਆ।

"ਤੇ ਤੁਹਾਡਾ ਕੀ ਖਿਆਲ ਹੈ ਕਿ ਮੈਂ ਇਸ ਤੋਂ ਸਿੱਟਾ ਇਹ ਕੱਢਿਆ ਕਿ ਜੋ ਕੁਝ ਮੈਂ ਦੇਖਿਆ ਸੀ, ਉਹ ਮਾੜਾ ਸੀ? ਬਿਲਕੁਲ ਐਸੀ ਕੋਈ ਗੱਲ ਨਹੀਂ। ਜੋ ਕੁਝ ਮੈਂ ਦੇਖਿਐ, ਜੇ ਉਹ ਕੁਝ ਏਨੇ ਹੀ ਵਿਸ਼ਵਾਸ ਨਾਲ ਕੀਤਾ ਗਿਐ, ਤੇ ਸਾਰੇ ਉਸਨੂੰ ਜ਼ਰੂਰੀ ਸਮਝਦੇ ਨੇ, ਤਾਂ ਇਸਦਾ ਮਤਲਬ ਇਹ ਹੈ ਕਿ ਉਹ ਕੋਈ ਐਸੀ ਗੱਲ ਜਾਣਦੇ ਨੇ ਜਿਹੜੀ ਮੈਂ ਨਹੀਂ ਜਾਣਦਾ। ਇਹ ਸੀ ਸਿੱਟਾ ਜਿਹੜਾ ਮੈਂ ਕੱਢਿਆ, ਤੇ ਮੈਂ ਲੱਭਣ ਦੀ ਕੋਸ਼ਿਸ਼ ਕੀਤੀ ਕਿ ਇਹ ਕਿਹੜੀ ਗੱਲ ਹੈ। ਪਰ ਮੈਨੂੰ ਕਦੀ ਨਾ ਪਤਾ ਲੱਗਾ। ਤੇ ਕਿਉਂਕਿ ਮੈਨੂੰ ਇਸਦਾ ਪਤਾ ਨਾ ਲੱਗਾ, ਇਸ ਲਈ ਮੈਂ ਫੌਜ ਵਿਚ ਭਰਤੀ ਨਾ ਹੋ ਸਕਿਆ, ਜਿਵੇਂ ਕਿ ਪਹਿਲਾਂ ਮੇਰਾ ਇਰਾਦਾ ਸੀ ਤੇ ਨਾ ਸਿਰਫ ਫੌਜ ਵਿਚ ਹੀ ਸਗੋਂ ਕਿਤੇ ਵੀ ਕੰਮ ਨਾ ਕਰ ਸਕਿਆ, ਜਿਸ ਲਈ ਮੈਂ ਜਿਵੇਂ ਕਿ ਤੁਸੀਂ ਦੇਖਦੇ ਹੋ, ਬਿਲਕੁਲ ਨਿਕੰਮਾਂ ਸਿਧ ਹੋਇਆ।"

"ਇਹ ਤਾਂ, ਖੈਰ, ਸਾਨੂੰ ਪਤੈ ਕਿ ਤੁਸੀਂ ਕਿੰਨੇ ਕੁ ਨਿਕੰਮੇ ਸਿੱਧ ਹੋਏ," ਸਾਡੇ ਵਿਚੋਂ ਇਕ ਬੋਲਿਆ। "ਜ਼ਿਆਦਾ ਠੀਕ ਗੱਲ ਇਹ ਹੋਵੇਗੀ ਕਿ ਸਾਨੂੰ ਇਹ ਦੱਸੋ ਕਿ ਜੇ ਤੁਸੀਂ ਨਾ ਹੁੰਦੇ ਤਾਂ ਕਿੰਨੇ ਜ਼ਿਆਦਾ ਲੋਕ ਨਿਕੰਮੇ ਬਣ ਜਾਂਦੇ।"

"ਖੈਰ, ਇਹ ਤਾਂ ਐਵੇਂ ਮੂਰਖਾਂ ਵਾਲੀ ਗੱਲ ਏ," ਸਚਮੁਚ ਖਿਝਦਿਆਂ ਹੋਇਆ ਈਵਾਨ ਵਾਸੀਲੀਏਵਿਚ ਬੋਲਿਆ।

"ਤੇ ਤੁਹਾਡੇ ਪਿਆਰ ਦਾ ਕੀ ਬਣਿਆ?" ਅਸੀਂ ਪੁੱਛਿਆ।

ਮੇਰਾ ਪਿਆਰ? ਇਸ ਦਿਨ ਤੋਂ ਲੈ ਕੇ ਮੇਰਾ ਪਿਆਰ ਮਰਨਾ ਸ਼ੁਰੂ ਹੋ ਗਿਆ। ਜਦੋਂ ਵੀ ਉਹ ਕਦੀ, ਜਿਵੇਂ ਕਿ ਅਕਸਰ ਉਸ ਨਾਲ ਹੁੰਦਾ ਸੀ, ਚਿਹਰੇ ਉਤੇ ਮੁਸਕਰਾਹਟ ਲਿਆਉਂਦੀ ਸੋਚਾਂ ਵਿਚ ਪੈ ਜਾਂਦੀ, ਤਾਂ ਮੇਰੀਆਂ ਅੱਖਾਂ ਸਾਹਮਣੇ ਇਕਦਮ ਮੈਦਾਨ ਵਿਚ ਖੜਾ ਕਰਨੈਲ ਆ ਜਾਂਦਾ, ਜਿਸ ਨਾਲ ਮੈਂ ਬੇਚੈਨ ਹੋ ਜਾਂਦਾ, ਤੇ ਮੇਰੀ ਖੁਸ਼ੀ ਜਾਂਦੀ ਰਹਿੰਦੀ, ਤੇ ਮੈਂ ਉਸਨੂੰ ਮਿਲਣਾ ਘੱਟ ਕਰ ਦਿਤਾ ਤੇ ਫਿਰ ਖਤਮ ਕਰ ਦਿਤਾ। ਤੇ ਇਸ ਤਰ੍ਹਾਂ ਮੇਰਾ ਪਿਆਰ ਖਤਮ ਹੋ ਗਿਆ। ਸੋ ਇੰਝ ਵਾਪਰਦਾ ਹੈ ਕਦੀ ਕਦੀ ਤੇ ਇਸ ਤਰ੍ਹਾਂ ਦੀਆਂ ਘਟਨਾਵਾਂ ਹਨ ਜਿਹੜੀਆਂ ਆਦਮੀ ਦੇ ਸਾਰੇ ਜੀਵਨ ਨੂੰ ਬਦਲ ਕੇ ਰਖ ਦਿੰਦੀਆਂ ਤੇ ਉਸਨੂੰ ਸੇਧ ਦਿੰਦੀਆਂ ਹਨ। ਤੇ ਤੁਸੀਂ ਕਹਿੰਦੇ ਹੋ..." ਉਸਨੇ ਗੱਲ ਮੁਕਾਈ

72

BKSNL-PUP

409192

ਤਾਲਸਤਾਏ, ਲਿਓ