ਪੰਨਾ:ਪਾਪ ਪੁੰਨ ਤੋਂ ਪਰੇ.pdf/102

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੀ। ਅਛੋਪਲੇ ਜਹੇ ਹੀ। ਜਿਵੇਂ ਦੇਸ਼ ਪਾਕਿਸਤਾਨ ਵਿਚ ਬਣ ਜਾਂਦਾ ਹੈ। ਜਿਵੇਂ ਕੇਸਰ ਸਿੰਘ ਦੁਖੀਆ ਬਣ ਜਾਂਦਾ ਹੈ, ਮਜ਼ਲੂਮ ਕਦੀ ਵਿਚਾਰਾ ਤੇ ਕਦੀ ਸ਼ਰਨਾਰਥੀ।

ਕੇਸਰ ਸਿੰਘ ਮੇਰੇ ਗਵਾਂਢ ਰਹਿੰਦਾ ਸੀ। ਨਵੀਂ ਦਿੱਲੀ ਦੀ ਐਕਸਟੈਂਨਸ਼ਨ ਸਕੀਮ ਵਿਚ ਬਣੇ ਸਾਰੇ ਦੇ ਸਾਰੇ ਕਵਾਟਰ ਅਜੇ ਉਹਨੀਂ ਦਿਨੀਂ ਵੀਰਾਨ ਪਏ ਸਨ। ਕੋਈ ਕੋਈ ਮੇਰੇ ਵਰਗੇ ਛੜੇ ਜਿਨ੍ਹਾਂ ਨੂੰ ਸ਼ਹਿਰ ਵਿਚ ਮਕਾਨ ਮਿਲਣਾ ਔਖਾ ਸੀ, ਜਾਂ ਕਾਲੂ ਰਾਮ ਵਰਗੇ ਗਰੀਬ ਸਫ਼ੈਦ-ਪੋਸ਼ ਜੋ ਸ਼ਹਿਰੀ ਲਾਲਿਆਂ ਦੀ ਪਗੜੀ ਨਹੀਂ ਸਨ ਭਰ ਸਕਦੇ,ਇਥੇ ਆ ਰਹੇ ਸਨ। ਇਕ ਦੁਕਾਨ ਬਦਰੀ ਦੀ ਸੀ, ਜੋ ਦੁਧ ਦਹੀਂ ਵੇਚਦਾ ਸੀ। ਲੂਣ ਤੇਲ ਵੇਚਦਾ ਸੀ, ਬਰਫ ਸੋਡਾ ਵੇਚਦਾ ਸੀ, ਬਲੈਕ ਵਿਚ ਖੰਡ, ਕਣਕ ਤੇ ਕਪੜਾ ਲਿਆ ਕੇ ਦੇ ਸਕਦਾ ਸੀ ਤੇ ਹੋਰ ਹਰ ਤਰਾਂ ਦੇ ਕੰਮ ਕਰ ਸਕਦਾ ਸੀ। ਇਕ ਨਿੱਕੀ ਜਹੀ ਆਬਾਦੀ ਦੀ ਆਪਣੀ ਵੱਖਰੀ ਦੁਨੀਆਂ ਸੀ। ਫੇਰ ਸ਼ਰਨਾਰਥੀ ਆ ਗਏ ਸਨ। ਦਿੱਲੀ ਦਿਆਂ ਬਜ਼ਾਰਾਂ ਵਿਚ, ਸੜਕਾਂ ਤੇ, ਗਲੀਆਂ ਵਿਚ, ਪੱਟੜੀਆਂ ਤੇ ਹਰ ਪਾਸੇ ਸ਼ਰਨਾਰਥੀ ਹੀ ਸ਼ਰਨਾਰਥੀ ਸਨ।

ਕੀ ਆਫ਼ਤ ਸੀ। ਇਕ ਦੁਨੀਆਂ ਬੇ-ਘਰ ਹੋ ਬੈਠੀ ਸੀ। ਹਰ ਕੋਈ ਮੁਸੀਬਤ ਦਾ ਮਾਰਿਆ ਸੀ। ਹਰ ਕੋਈ ਆਪੋ ਆਪਣੀ ਪੀੜ ਲਈ ਬੈਠਾ ਸੀ। ਦੁੱਖ ਦਰਦ ਹਰ ਕਿਸੇ ਦੀ ਸਾਂਝੀ ਸਮੱਸਿਆ ਸੀ। ਪਰ ਸਾਰਿਆਂ ਤੋਂ ਉਪਰੰਤ ਉਹ ਮੰਗਦੇ ਸਨ, ਖਾਣ ਲਈ ਰੋਟੀ, ਪਾਣ ਲਈ ਕਪੜੇ ਤੇ ਸਿਰ ਛੁਪਾਣ ਲਈ ਛੱਤ। ਖਾਣ ਲਈ ਹੋਰ ਕਿਸੇ ਨੇ ਕੋਈ ਨਾ ਕੋਈ ਧੰਦਾ ਸ਼ੁਰੂ ਕਰ ਲਿਆ ਸੀ। ਕੋਈ ਦਿੱਲੀ ਦੀਆਂ ਸੜਕਾਂ ਦੇ ਕਿਨਾਰੇ ਬੈਠ ਕੇ ਪਕੌੜੇ

ਤਲਦਾ ਸੀ। ਕੋਈ ਜਲੇਬੀਆਂ ਬਣਾਉਂਦਾ ਸੀ, ਕੋਈ ਕਪੜਾ

੧੦੧