ਪੰਨਾ:ਪਾਪ ਪੁੰਨ ਤੋਂ ਪਰੇ.pdf/104

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਵੀ ਹੋਇਐ ਹਿਨਾ ਕੀ ਹਥੈ ਧਰੂਹ ਆਂਦੈ। ਹੁਣ ਹਿਥੈ ਪਹੁੰਚ ਕੈ ਵੀ ਸੁੱਖੈ ਨਾ ਸਾਹ ਨਹੀਂ।"

ਸ਼ਾਇਦ ਕੇਸਰ ਸਿੰਘ ਨੇ ਸੁੱਖ ਦਾ ਸਾਹ ਲੈਣ ਲਈ ਹੀ ਮੇਰੇ ਗਵਾਂਢ ਦਾ ਇਹ ਕਵਾਟਰ ਮੱਲਿਆ ਸੀ। ਉਹ ਚਾਂਦਨੀ ਚੌਕ ਦੀ ਪਟੜੀ ਤੇ ਮਨਿਆਰੀ ਦਾ ਛਾਬਾ ਲਾਂਦਾ ਸੀ। ਪਰ ਮਸਾਂ ਵਿਚਾਰੇ ਦਾ ਦੋ ਵੇਲਿਆਂ ਦਾ ਗੁਜ਼ਾਰਾ ਚਲਦਾ ਸੀ। ਅਜ ਕਲ ਮੇਰੇ ਮਾਤਾ ਜੀ ਵੀ ਇਥੇ ਹੀ ਆਏ ਹੋਏ ਸਨ ਤੇ ਕਈ ਵਾਰੀ ਕੇਸਰ ਸਿੰਘ ਉਨਾਂ ਨਾਲ ਆਪਣੇ ਦੁਖ-ਸੁਖ ਫੋਲਿਆ ਕਰਦਾ ਸੀ। ਮਾਤਾ ਜੀ ਦੇ ਆਉਣ ਤੋਂ ਪਹਿਲਾਂ ਇਕ ਵਾਰੀ ਉਸ ਨੇ ਮੈਨੂੰ ਆਖਿਆ।, "ਧੀਆਂ ਭੈਣਾਂ ਸਾਰੀਆਂ ਨੀਆਂ ਸਾਂਝੀਆਂ ਹੋਨੀਆਂ ਨੇ

ਪੁਤਰ।" ਉਸ ਦਿਨ ਤੋਂ ਪਿਛੋਂ ਕਈ ਵਾਰੀ ਕੇਸਰ ਸਿੰਘ ਦੀਆਂ ਧੀਆਂ ਸਾਡੇ ਘਰ ਆਉਂਦੀਆਂ ਜਾਂਦੀਆਂ ਸਨ। ਉਹ ਤਿੰਨੇ ਹੀ ਬੜੇ ਸੀਤਲ ਸੁਭਾ ਦੀਆਂ ਕੁੜੀਆਂ ਸਨ। ਉਨ੍ਹਾਂ ਦੀ ਚਾਲ ਢਾਲ ਵਿਚ ਨਿਮ੍ਰਤਾ ਸੀ, ਕੰਮ ਕਾਰ ਵਿਚ ਸੁਚੱਜਤਾ ਸੀ। ਸ਼ਕਲ ਸੂਰਤ ਵਿਚ ਸੁਨੱਖੀਆਂ ਸਨ। ਉਨਾਂ ਬਾਰੇ ਇਕ ਵਿਸ਼ੇਸ਼ਤਾ-ਭਰੀ ਸੁਹੱਪਣ ਮੇਰੇ ਦਿਲ ਵਿਚ ਵਸ ਗਈ ਸੀ ਤੇ ਮੈਂ ਅਨੁਮਾਨ ਲਾਇਆ ਸੀ ਕਿ ਉਹ ਜ਼ਰੂਰ ਕਿਸੇ ਚੰਗੇ ਖ਼ਾਨਦਾਨ ਦੀਆਂ ਕਨਿਆਵਾਂ ਸਨ। ਕੇਸਰ ਸਿੰਘ ਆਪਣੇ ਪਿੰਡ ਵਿਚ ਵਿਸ਼ੇਸ਼ ਹੈਸੀਅਤ ਰਖਦਾ ਸੀ । ਜ਼ਮੀਨਾਂ ਮਕਾਨਾਂ ਦਾ ਮਾਲਕ ਸੀ, ਪਰ ਅਜ ਕੇਸਰ ਸਿੰਘ ਅਪਣੀਆਂ ਜ਼ਮੀਨਾਂ ਲੁਟਾ ਬੈਠਾ ਸੀ, ਆਪਣਾ ਪਿੰਡ ਛਡ ਆਇਆ ਸੀ। ਦੂਰ, ਬਹੁਤ - ਦੂਰ। ਅਜ ਉਹ ਦਿੱਲੀ ਦੇ ਚਾਂਦਨੀ ਚੌਕ ਵਿਚ ਘੜੀ ਦੇ ਕੋਲ ਮੁਨਿਆਰੀ ਲਾ ਲੈਂਦਾ ਸੀ। ਗੈਰਤ-ਮੰਦ ਕੇਸਰ ਸਿੰਘ! ਉਸਨੇ ਮੈਨੂੰ ਇਕ ਦਿਨੇ ਆਖਿਆ ਸੀ, ਸਰਦਾਰ ਜੀ, ਜ਼ਮੀਨ ਮਕਾਨ ਕਦੀ ਕਿਸੇ ਦੇ ਨਾਲ ਨਹੀਂ ਗਏ।

੧੦੩