ਪੰਨਾ:ਪਾਪ ਪੁੰਨ ਤੋਂ ਪਰੇ.pdf/113

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਕਮਜ਼ੋਰੀ ਅਜੇ ਤੱਕ ਉਹ ਜਾਣ ਨਹੀਂ ਸੀ ਸਕਿਆ। ਉਸ ਦੀ ਲਿਖਤ ਬਾਰੇ ਉਸ ਨੂੰ ਇਕ ਗੱਲ ਚੇਤੇ ਆ ਗਈ। ਅਜੇ ਕਲ੍ਹ ਹੀ ਤ੍ਰਿਲੋਕ ਨੇ ਉਸ ਨੂੰ ਦਸਿਆ ਸੀ, ਇਸ ਨੂੰ ਤੇ ਸਹੀ ਪੰਜਾਬੀ ਵੀ ਨਹੀਂ ਲਿਖਣੀ ਆਉਂਦੀ। ਚਾਰ ਸਤਰਾਂ ਲਿਖ ਕੇ ਦੌੜਦਾ ਜਾਂਦਾ ਹੈ ਪ੍ਰੋਫੈਸਰ ਜਗਮੋਹਨ ਵੱਲ.......... ਫੇਰ ਮੈਨੂੰ ਵਿਖਾਵੇਗਾ, ਫੇਰ ਤੈਨੂੰ ਤੇ ਫੇਰ ਕਿਸੇ ਹੋਰ ਨੂੰ ਤੇ ਹਰ ਇਕ ਕੋਲੋਂ ਦਰੁਸਤੀਆਂ ਕਰਾਈ ਜਾਏਗਾ। ਜਦੋਂ ਉਸ ਨੂੰ ਯਕੀਨ ਹੋ ਜਾਏਗਾ ਕਿ ਹੁਣ ਲਿਖਤ ਵਿਚ ਉਹਦਾ ਆਪਣਾ ਕੋਈ ਸ਼ਬਦ ਨਹੀਂ ਰਹਿ ਗਿਆ ਤਾਂ ਉਸ ਨੂੰ ਪ੍ਰੈਸ ਵਿਚ ਘਲ ਦਏਗਾ।"--ਪਰ ਉਸ ਦੇ ਪਾਸ ਤ੍ਰਿਲੋਕ ਦੇ ਇਸ ਇਤਰਾਜ਼ ਦਾ ਉਤਰ ਸੀ। ਆਖਰ ਚੀਜ਼ਾਂ ਛਪਦੀਆਂ ਦੇ ਪਰਮਾਰਥੀ ਦੇ ਆਪਣੇ ਨਾਂ ਥੱਲੇ ਹਨ। ਉਸ ਨੇ ਸੋਚਿਆ, ਕੱਲ੍ਹ ਦੀ ਜਨਤਾ ਮੈਨੂੰ ਭੁਲ ਜਾਏਗੀ। ਤ੍ਰਿਲੋਕ ਨੂੰ ਭੁਲ ਜਾਏਗੀ, ਪ੍ਰੋ: ਜਗਮੋਹਨ ਨੂੰ ਭੁਲ ਜਾਏਗੀ, ਜਿਨ੍ਹਾਂ ਨੇ ਅਸਲ ਵਿਚ ਲਿਖਿਆ ਸੀ, ਪਰ ਜੁਗ ਜੁਗ ਜੀਵੇਗਾ ਸਾਡਾ ਪਰਮਾਰਥੀ.......ਤੇ ਉਹ ਉਸ ਦੇ ਇਸ ਗੁਣ ਦਾ ਹੋਰ ਪ੍ਰਸੰਸ਼ਕ ਹੁੰਦਾ ਗਿਆ।

....... ਹਾਂ ਤੇ ਅਜ ਦਿਨ ਭਰ ਉਹ ਉਸ ਦੀ ਬਾਬਤ ਸੋਚਦਾ ਰਿਹਾ ਸੀ ਤੇ ਗਰਮੀਆਂ ਦੀ ਦੁਪਹਿਰ ਮਗਰੋਂ ਜਦੋਂ ਗਰਮੀ ਦਾ ਵੱਟ ਇਕ ਵਾ-ਵਰੋਲੇ ਦਾ ਰੂਪ ਧਾਰ ਰਿਹਾ ਸੀ, ਉਹ ਯੂਇੰਗ ਹਾਲ ਤੋਂ ਹਸਪਤਾਲ ਦੀ ਕੰਧ ਦੇ ਨਾਲ ਨਾਲ ਮੁੜਦੀ ਹੋਈ ਘਾਟੀ ਤੇ ਚੜ੍ਹ ਰਿਹਾ ਸੀ ਕਿ ਬਚਪਨ ਉਸ ਨੇ ਵੇਖਿਆ, ਪਰਮਾਰਥੀ ਬੜੀ ਕਾਹਲੀ ਕਾਹਲੀ ਘਾਟੀ ਤੋਂ ਹੇਠਾਂ ਉਤਰ ਰਿਹਾ ਹੈ। ਉਸ ਦੇ ਹੱਥਾਂ ਵਿਚ ਸਦਾ ਵਾਂਗ ਚਮੜੇ ਦਾ ਥੈਲਾ ਲਟਕ ਰਿਹਾ ਹੈ ਤੇ ਉਸ ਦੀ ਦਾਹੜੀ ਤੇ ਜ਼ੁਲਫ਼ਾਂ ਆਪੋ ਵਿਚ ਗਲਵਲ ਹੋ ਰਹੀਆਂ

੧੧੨