ਉਸ ਦੇ ਨਾਂਹ ਨਾਂਹ ਕਰਨ ਦੇ ਬਾਵਜੂਦ ਵੀ ਮਨੋ ਵਿਗਿਆਨ ਦਾ ਵਿਦਿਆਰਥੀ ਬਿਲ ਚੁਕਾ ਗਿਆ। ਕਾਫ਼ੀ ਸ਼ਾਪ ਤੋਂ ਬਾਹਰ ਆ ਉਸ ਨੇ ਉਨਾਂ ਨਾਲ ਹੱਥ ਮਿਲਾਇਆ ਤੇ ਤੁਰਦਾ ਬਣਿਆ।
ਪਰ ਉਹ ਅਜੇ ਤੀਕ ਵੀ ਉਸ ਨੂੰ ਤਰਸਯੋਗ ਨਜ਼ਰਾਂ ਨਾਲ ਵੇਖਦਾ ਰਿਹਾ।
****
ਮਾਲ ਰੋਡ ਉਹੋ ਹੀ ਪਹਿਲਾਂ ਵਾਲੀ ਮਾਲ ਰੋਡ ਸੀ। ਮੋਟਰਾਂ ਟਾਂਗੇ ਸਾਈਕਲ ਤੇ ਪੈਦਲ ਸਦਾ ਵਾਂਗ ਚਲ ਰਹੇ ਸਨ। ਪਰਮਾਰਥੀ ਦੇ ਨਾਲ ਤੁਰ ਦਾ ਹੋਇਆ ਉਹ ਕਾਫ਼ੀ ਸ਼ਾਪ ਦੀ ਘਟਨਾ ਨੂੰ ਪੂਰੀ ਤਰਾਂ ਭੁਲ ਜਾਣਾ ਚਾਹੁੰਦਾ ਸੀ। ਜੋ ਕੁਝ ਉਸ ਵੇਖਿਆ ਉਹ ਉਸ ਨੂੰ ਅਨ-ਵੇਖਿਆ ਖ਼ਿਆਲਣਾ ਚਾਹੁੰਦਾ ਸੀ। ਉਹ ਆਪਣੇ ਕੰਨਾਂ ਨੂੰ ਝੁਠਲਾਉਣਾ ਚਾਹੁੰਦਾ ਸੀ ਕਿ ਉਹ ਆਪਣੀ ਸੁਨਣ-ਸ਼ਕਤੀ ਤੇ ਵਿਸ਼ਵਾਸ ਨਾ ਕਰਨ। ਪਰ ਇਸ ਸਾਰੇ ਯਤਨਾਂ ਦੇ ਬਾਵਜੂਦ ਵੀ ਪਰਮਾਰਥੀ ਦੇ ਨਾਲ ਤੁਰਦਾ ਹੋਇਆ ਹੁਣ ਉਹ ਪਹਿਲਾ ਵਾਲੀ ਪ੍ਰਸੰਨਤਾ ਨਹੀਂ ਸੀ ਲੈ ਰਿਹਾ, ਜਿਹੜੀ ਇਸ ਤੋਂ ਪਹਿਲਾਂ ਕਿਸੇ ਕੌਮਾਂਤਰੀ ਮਹੱਤਤਾ ਰੱਖਣ ਵਾਲੀ ਹਸਤੀ ਨਾਲ ਤੁਰਨ ਲਗਿਆਂ ਮਿਲੀ ਸੀ। ਪਤਾ ਨਹੀਂ ਕਿਉਂ ਵਿਕਟੋਰੀਆ ਗਾਰਡਨਜ਼ ਕੋਲੋਂ ਉਸ ਆਪਣੇ ਘਰ ਪਰਤਣ ਦਾ ਮੁੜ ਯਤਨ ਕੀਤਾ ਤੇ ਪਰਮਾਰਥੀ ਬੋਲਿਆ:
"ਯਾਰ ਰੇਡੀਓ ਸਟੇਸ਼ਨ ਤੋਂ ਮੁੜ ਆਵੀਂ। ਆਖ਼ਰ ਤੇਰੇ ਪਾਸ ਸਾਈਕਲ ਤੇ ਹੈ। ਕੁਝ ਚਿਰ ਹੋਰ ਗੱਲਾਂ ਕਰਾਂਗੇ।" ਤੇ ਉਸ ਨੇ ਉਸ ਦੀ ਲੇਖਣੀ ਦੀ ਗਲ ਛੇੜ ਦਿਤੀ:
ਕਹਾਣੀ ਲਿਖਣ ਵਿਚ ਤਾਂ ਤੁਸੀਂ ਤਾਕ ਹੋ ਹੀ, ਪਰ ਜੀ ਜਿਹੜਾ ਤੁਸੀਂ ਕਵਿਤਾ ਬਾਰੇ ਲੇਖ ਲਿਖਿਆ ਸੀ ਨਾ ਸ਼ਾਇਦ