ਪੰਨਾ:ਪਾਪ ਪੁੰਨ ਤੋਂ ਪਰੇ.pdf/123

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

'ਸਾਡੀ ਕਵਿਤਾ' ਕਮਾਲ ਦੀ ਚੀਜ਼ ਸੀ।

ਉਹ ਪਰਮਾਰਥੀ ਦੇ 'ਕਮਾਲ' ਦਾ ਸਟੈਂਡਰਡ ਤਾਂ ਜਾਣ ਹੀ ਚੁੱਕਾ ਸੀ ਤੇ ਉਸ ਨੂੰ ਸਾਫ਼ ਪਤਾ ਸੀ ਕਿ ਇਸ ਨੇ ਨਿਰੀ ਕਸਮ ਪਾਈ ਹੋਈ ਹੈ ਸਤੋਤਰ ਪਾਠ ਕਰਨ ਦੀ।

ਇਸ ਕਿਸਮ ਦਿਆਂ ਲੇਖਾਂ ਦੀ ਬੜੀ ਲੋੜ ਹੈ। ਆਪਣਿਆਂ ਸਮਕਾਲੀਆਂ ਤੇ ਟੀਕਾ-ਟਿਪਣੀ ਬੜੀ ਸਿਆਣਪ, ਮਿਹਨਤ ਤੇ ਨਿਰਪੱਖਤਾ ਦਾ ਕੰਮ ਹੈ।"

"ਹੋਵੇਗਾ!" ਉਸ ਕਿਹਾ ਤੇ ਉਸ ਵੇਲੇ ਇਹ ਰੇਡੀਓ ਸਟੇਸ਼ਨ ਦੀ ਚਾਰਦੀਵਾਰੀ ਕੋਲ ਅਪੜ ਚੁਕੇ ਸਨ।

ਰੇਡੀਓ ਸਟੇਸ਼ਨ ਕੋਲੋਂ ਜਦੋਂ ਉਹ ਮੁੜਨ ਲੱਗਾ ਤਾਂ ਪਰਮਾਰ ਨੇ ਉਸ ਨੂੰ ਆਖਿਆ ਸੀ:

"ਯਾਰ, ਇਕ ਰੀਹਰਸਲ ਵੇਖ ਕੇ ਚਲਾ ਜਾਈਂ।" ਤੇ ਜਦੋਂ ਇਕ ਰੀਹਰਸਲ ਮੁਕ ਚੁਕੀ ਤਾਂ ਉਸ ਨੇ ਆਖਿਆ ਸੀ, "ਯਾਰ, ਐਨੀ ਦੇਰ ਵਿਚ ਤੂੰ ਘਰ ਤੇ ਅਪੜ ਨਹੀਂ ਸਕਦਾ। ਜਿਸ ਦਾ ਮਤਲਬ ਇਹ ਹੈ ਕਿ ਤੂੰ ਅਸਲੀ ‘ਪਲੇ' ਸੁਣ ਨਹੀਂ ਸਕੇਗਾ। ਮੈਂ 'ਪਲੇ' ਬਾਰੇ ਤੇਰੀ ਰਾਏ ਲੈਣਾ ਚਾਹੁੰਦਾ ਸਾਂ। ਨਾਲੇ ਤੂੰ ਜਾਣਦਾ ਹੈਂ ਅਸਲ ਅਸਲ ਹੁੰਦਾ ਹੈ, ਨਕਲ ਨਕਲ। ਤੇ ਉਹ ਆਪਣੇ ਮਨ ਵਿਚ ਸੋਚ ਰਿਹਾ ਸੀ, 'ਨਿਰੀ ਇਹ 'ਪਲੇ' ਹੀ ਨਹੀਂ, ਸਗੋਂ ਪਰਮਾਰਥੀ ਦੀ ਹਰ ਗਲ ਲਈ ਰੀਹਰਸਲ ਜ਼ਰੂਰੀ ਹੈ। ਕੀ ਪਤਾ ਕੰਬਖ਼ਤ ਗਲ ਕਰਨ ਲਗਿਆਂ ਪਹਿਲਾਂ ਇਕ ਵਾਰੀ ਦਿਲ ਵਿਚ ਹੀ ਰੀਹਰਸਲ ਕਰਦਾ ਹੋਵੇ ਤੇ ਫੇਰ ਇਕ ਐਸੀ ਅਦਾ ਨਾਲ, ਇਕ ਐਸੇ ਮੂਡ ਵਿਚ ਗਲ ਕਰਦਾ ਹੈ ਕਿ ਸੁਣਨ ਵਾਲੇ ਦੇ ਕੰਨ ਆਪ-ਮੁਹਾਰੇ ਹੀ ਸੁਣਨ ਲਈ ਤੱਣ ਜਾਣ। ਉਸ ਦੇ ਸਾਹਮਣੇ ਦੁਰਬਾਸ਼ਾ ਦਾ ਸਾਰਾ ਖੇਲ ਖੇਲਿਆ ਗਿਆ।

੧੨੨