ਪੰਨਾ:ਪਾਪ ਪੁੰਨ ਤੋਂ ਪਰੇ.pdf/13

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖਿਆਲ ਉਜਾਗਰ ਹੋ ਉਠਿਆ, ਜਿਸ ਨੂੰ ਬਾਹਰ ਕੱਢਣ ਲਗਿਆਂ, ਉਸ ਨੂੰ ਆਪਣੇ ਆਪ ਨਾਲ, ਆਪਣੀ ਜ਼ਮੀਰ ਨਾਲ ਘੁਲਣਾ ਪਿਆ ਸੀ । ਇਹ ਸੀ ਕਿਸੇ ਦਾ ਤਸੱਵਰ, ਜਿਸ ਨੂੰ ਉਹ ਵੇਖਣਾ ਚਾਹੁੰਦਾ ਸੀ, ਪਰ ਇਸ ਸੂਰਤ ਵਿਚ ਨਹੀਂ, ਜਿਵੇਂ ਉਸ ਦਾ ਦਿਲ ਉਸ ਦੇ ਸਾਹਮਣੇ ਉਸ ਨੂੰ ਪੇਸ਼ ਕਰ ਰਿਹਾ ਸੀ। ਕਵੀ ਨੇ ਲਖਾਂ ਯਤਨ ਕੀਤੇ ਸਨ ਕਿ ਕਿਸੇ ਤਰਾਂ ਇਸ ਨਿਕੇ ਜਿਹੇ ਪਰਛਾਵੇਂ ਦੀ ਥਾਂ ਵੀ ਉਹੀ ਮਹਾਂ-ਨੂਰ ਮਲ ਲਵੇ, ਪਰ ਇਸ ਤਰ੍ਹਾਂ ਕਦੀ ਵੀ ਨਾ ਹੋ ਸਕਿਆ । ਉਸ ਦੇ ਦਿਲ ਵਿਚ ਚਾਨਣ ਹੋਣ ਦੇ ਬਾਵਜੂਦ ਵੀ ਉਹ ਨਿੱਕਾ ਜਿਹਾ ਪਰਛਾਵਾਂ ਸਦਾ ਵਧਦਾ ਰਿਹਾ ਸੀ। ਉਸ ਦਾ ਦਿਲ ਚੰਨ ਸੀ, ਰੋਸ਼ਨ ਚੰਨ, ਜਿਥੇ ਈਸਾ ਮਸੀਹ ਦੀ ਮੂਰਤੀ ਬਰਾਜਮਾਨ ਸੀ । ਪਰ ਸ਼ਾਇਦ ਰੋਸ਼ਨ ਚੰਨ ਵੀ ਦਾਗ਼ਦਾਰ ਹੈ ਤੇ ਬਾਵਜੂਦ ਲਖ ਯਤਨਾਂ ਦੇ ਉਸ ਦੇ ਦਿਲ ਦੀਆਂ ਦੋਵੇਂ ਚੇਤ ਅਤੇ ਅਚੇਤ ਅਵਸਥਾਵਾਂ ਵਿਚ ਉਹ ਨਿੱਕੀ ਜਹੀ ਪਰਛਾਵੀਂ ਤਰਦੀ ਰਹੀ ਸੀ । ਅਚੇਤ ਅਵਸਥਾਵਾਂ ਵਿਚ ਉਦੋਂ ਜਦੋਂ ਉਹ ਕਵੀ ਹੁੰਦਾ ਸੀ ਤੇ ਚੇਤ ਵਿਚ ਉਦੋਂ, ਜਦ ਉਹ ਇਕ ਮਾਮੂਲੀ ਮਨੁਖ ਹੁੰਦਾ ਸੀ ।

ਉਚਾਣਾਂ ਵਿਚ ਉਡਦਾ ਕਵੀ ਸੋਚਦਾ ਸੀ, “ਮਾਇਆ ਹੈ ਇਹ । ਤੀਵੀਂ ਨਿਰਾ ਇਕ ਧੋਖਾ ਹੈ । ਇਸ ਦਾ ਰੂਪ ਨਿਰਾ ਇੱਕ ਪਰਦਾ ਹੈ, ਜਿਸ ਦੇ ਪਿਛੇ ਹਕੀਕਤ ਕੋਈ ਨਹੀਂ । ਇਹ ਬਿਖ ਹੈ ਜਿਸ ਤੋਂ ਅੰਮ੍ਰਿਤ-ਕੁੰਡ ਦਾ ਧੋਖਾ ਹੁੰਦਾ ਹੈ। ਇਹ ਝੂਠ ਵਿਚ ਗਲੇਫੀ ਹੋਈ ਸਚਿਆਈ ਹੈ ਜੋ ਬਾਹਰੋਂ ਮਿਠੀ ਜਾਪ ਰਹੀ ਹੈ, ਅੰਦਰੋਂ ਅਤਿ ਕੌੜੀ ਹੈ । ਇਹ ਹੈ ਉਹ ਫਿਸਲਨ ਜਿਸ ਤੋਂ ਆਦਮੀ ਫਿਸਲਿਆ ਸੀ ਤੇ ਅਕਾਸ਼ਾਂ ਤੋਂ ਉਲਰਿਆ ਹੋਇਆ ਧਰਤੀ ਤੇ ਐਸਾ ਪਟਕਿਆ ਗਿਆ ਕਿ ਮੁੜ ਉਠ ਨਾ ਸਕਿਆ |"

੧੨