ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/21

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਝਟਕਿਆਂ ਵਿਚ ਉਪਰੋਂ ਹੇਠਾਂ ਪ੍ਰੀਤਮਾਂ ਦੇ ਸੱਜੇ ਮੋਢੇ ਤੋਂ ਸਜੀ ਲਤ ਤੀਕ, ਇਕ ਦੂਜੀ ਨੂੰ ਕਟਦੀਆਂ ਹੋਈਆਂ ਸਿਆਹੀ ਦੀਆਂ ਦੋ ਲਕੀਰਾਂ ਮਾਰੀਆਂ, ਜਿੰਨ੍ਹਾਂ ਨਾਲ ਕਿ ਇਕ ਚਰਖੜੀ ਬਣ ਗਈ। ਕਵੀ ਨੇ ਸੋਚਿਆ, "ਇਹ ਹੈ ਉਹ ਕਰਾਸ ਜਿਥੇ ਈਸਾ ਮਸੀਹ ਸੂਲੀ ਦਿਤਾ ਗਿਆ ਸੀ। ਇਹ ਹੈ ਉਹ ਪਾਕ ਕਰਾਸ, ਜਿਸ ਥਲੇ ਖਲੋ ਕੇ ਉਸ ਵੀਰਾਨ ਪਹਾੜੀ ਉਤੇ 'ਮੁਟਿਆਰ' ਨੇ ਵੇਖਿਆ ਸੀ ਕਿ ਦਿਸਹਦੇ ਤੀਕ, ਇਕ ਸੁਕੀ ਸੜੀ ਖੇਤੀ ਹੈ, ਜਿਸ ਵਿਚ ਹਰਿਆਵਲ ਦਾ ਨਾਂ ਨਿਸ਼ਾਨ ਨਹੀਂ। ਕਿਤੇ ਕੋਈ ਰੁਖ ਯਾ ਪੱਤਾ ਵੀ ਨਜ਼ਰੀਂ ਨਹੀਂ ਪੈਂਦਾ-ਕੇਵਲ ਇਕ ਫੁਲ ਉਸ ਦੇ ਪੈਰਾਂ ਹੇਠ ਲਹਿ ਲਹਾ ਰਿਹਾ ਹੈ।

ਕਵੀ ਨੇ ਸੋਚਿਆ, "ਉਹ ਫੁਲ ਪਿਆਰ ਹੈ। ਉਹ ਫੁਲ ਮੇਰੀ ਪ੍ਰੀਤਮਾਂ ਆਪ ਹੈ, ਜੋ ਪਿਆਰ-ਰੂਪ ਹੈ। ਜੋ ਇਕ ਪਰਤੱਖ ਸਚਿਆਈ ਹੈ। ਜੋ ਇਕ ਅਮਰ ਹਕੀਕਤ ਹੈ, ਜਿਸ ਲਈ ਈਸਾ ਮਸੀਹ ਸੂਲੀ ਚੜ੍ਹਿਆ ਸੀ, ਜਿਸ ਲਈ ਅਜ ਮੈਂ ਆਪਣਾ ਪਿਆਰ ਕੁਰਬਾਨ ਕੀਤਾ ਹੈ। ਉਹ ਅਮਰ ਹੈ। ਉਹ ਜੀਅ ਰਹੀ ਹੈ। ਉਹ ਮੇਰੇ ਕੋਲ ਹੈ। ਉਸ ਦੀ ਮਹਿਕ ਮੇਰੇ ਸਾਹਾਂ ਵਿਚ ਹੈ, ਉਸ ਦੀ ਧੜਕਣ ਮੇਰੇ ਜੀਵਨ ਵਿਚ ਹੈ। ਉਹ ਮੇਰੀ ਨਸ ਨਸ ਵਿਚ ਹੈ। ਉਹ ਮੇਰੇ ਰੋਮ ਰੋਮ ਵਿਚ ਹੈ...... ਤੇ ਕਵੀ ਮੁਸਕਰਾਇਆ। ਉਸ ਦਾ ਜੀਅ ਕਰਦਾ ਸੀ ਉਹ ਉਨ੍ਹਾਂ ਲੋਕਾਂ ਦੇ ਹੱਕ ਵਿਚ ਇਕ ਪਰਾਰਥਨਾ ਕਰੇ, ਜੋ ਉਸ ਨੂੰ ਬੇਵਫ਼ਾ ਆਖਦੇ ਸਨ:'ਓ ਸਭਨਾ ਦੇ ਸਦੀਵੀ ਪਿਤਾ, ਤੇ ਇਨ੍ਹਾਂ ਲੋਕਾਂ ਨੂੰ ਮਾਫ਼ ਕਰ ਦੇਵੀਂ ਕਿਉਂਕਿ ਇਹ ਅਨਜਾਣ ਹਨ। ਇਹ ਜਾਣਦੇ ਨਹੀਂ ਕਿ ਜੋ ਕੁਝ ਇਹ ਕਰ ਰਹੇ ਹਨ, ਇਹ ਇਕ ਗੁਨਾਹ ਹੈ।"

੨੦