ਪੰਨਾ:ਪਾਪ ਪੁੰਨ ਤੋਂ ਪਰੇ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਕਣਕ ਦਾ ਇਕ ਵਡਾ ਸਾਰਾ ਬੁਤ ਹੈ...... ਝੂਠ ਮੂਠ ਦਾ ਖੋਖਲਾ ਜਿਹਾ ਬੁਤ—ਜਿਸ ਨੂੰ ਅੰਦਰੋ ਅੰਦਰ ਘੁਣ ਖਾਂਦਾ ਜਾ ਰਿਹਾ ਹੈ। ਤੇ ਹੁਣ ਕੇਵਲ ਉਹ ਇਕ ਢਾਂਚਾ ਜਿਹਾ ਹੀ ਰਹਿ ਗਿਆ ਹੈ ਜਿਸ ਨੂੰ ਹਵਾ ਦੀ ਇਕ ਫੂਕ ਜਦੋਂ ਵੀ ਚਾਹਵੇ ਡੇਗ ਦੇਵੇ। ਉਹ ਆਪਣੇ ਹਲ ਤੋਂ ਜੰਗਾਲ ਲਾਹੁੰਦਾ ਗਿਆ।

ਉਸ ਨੂੰ ਪਤਾ ਵੀ ਨਾ ਲੱਗਾ ਕਿ ਚੌਧਰੀ ਕਦੋਂ ਆਇਆ ਤੇ ਕਦੋਂ ਚਲਾ ਗਿਆ। ਉਸ ਨੇ ਵੇਖਿਆ ਦੂਰ ਕੱਚੀ ਸੜਕ ਤੇ ਇਕ ਗਡ ਤੁਰਦੀ ਜਾ ਰਹੀ ਸੀ "...... ਖਟ ਖਟ..... ਖੜਕ... " ਉਸਦੇ ਕੰਨਾਂ ਵਿਚ ਕਿੰਨਾ ਚਿਰ ਗੂੰਜਦੀ ਰਹੀ। ਹਵਾ ਦਾ ਇਕ ਬੁੱਲਾ ਆਇਆ, ਕੁੱਬੇ ਬੋਹੜ ਦੀਆਂ ਬੁੱਢੀਆਂ ਅੱਖਾਂ ਵਿਚੋਂ ਅਥਰੂਆਂ ਦੇ ਦੋ ਟੇਪੇ ਡਿਗ ਪਏ। ਉਸ ਦੇ ਨਾਲ ਲੱਗੀ ਬੇਰੀ ਕੰਬ ਉਠੀ। ਧਰਤੀ ਦੀ ਹਿੱਕ ਤੇ ਗੱਡ ਦੇ ਪਹੀਏ ਦੋ ਅਮਿਟ ਨਿਸ਼ਾਨ ਛੱਡਦੇ ਜਾ ਰਹੇ ਸਨ, ਦੋ ਕਦੀ ਵੀ ਨਾ ਮਿਲਣ-ਵਾਲੇ ਰਸਤੇ—ਦੋ ਭੂਰੀਆਂ ਭੂਰੀਆਂ ਲੰਮੀਆਂ ਕਾਲੀਆਂ ਲੀਕਾਂ—ਜਿਵੇਂ ਹਲ ਦਾ ਬਿਆੜ ਜਾਂ ਚਾਬਕ ਦੀ ਲਾਸ.........

੨੫