ਪੰਨਾ:ਪਾਪ ਪੁੰਨ ਤੋਂ ਪਰੇ.pdf/32

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਿਸ਼ਾਨਾ ਕਦੀ ਵੀ ਠੀਕ ਨਾ ਬੈਠਿਆ। ਮੈਂ ਜਿਥੇ ਵੀ ਜਾਂਦਾ ਸਾਂ, ਪੰਛੀ ਮੈਨੂੰ ਵੇਖ ਕੇ ਪਹਿਲਾਂ ਹੀ ਉਡ ਜਾਂਦੇ ਸਨ। ਪਤਾ ਨਹੀਂ ਰਬੜ ਖਿਚਣ ਲਗਿਆਂ ਮੇਰੇ ਹੱਥ ਤੇ ਕਾਂਬਾ ਕਿਉਂ ਆ ਜਾਂਦਾ ਸੀ। ਮੈਂ ਬਹੁਤ ਦੇਰ ਤੀਕ ਅਵਾਰਾ ਘੁੰਮਦਾ ਰਿਹਾ। ਆਖਰ ਸੂਰਜ ਡੁਬਣ ਵਾਲਾ ਹੋ ਗਿਆ ਤੇ ਜਦੋਂ ਮੈਂ ਘਰ ਮੁੜਿਆ, ਮੁੰਨੀ ਅਜੇ ਵੀ ਉਸ ਕੁੜੀ ਕੋਲ ਬੈਠੀ ਹੋਈ ਉਸ ਦੀ ਕੋਈ ਕਿਤਾਬ ਸੁਣ ਰਹੀ ਸੀ। ਉਹ ਦੋਵੇਂ ਧੁਰ ਕੋਠੇ ਦੀ ਛੱਤ ਤੇ ਬੈਠੀਆਂ ਸਨ। ਡੁਬਦੇ ਸੂਰਜ ਦੀਆਂ ਆਖਰੀ ਕਿਰਨਾਂ ਵਿਚ ਉਹ ਕੁੜੀ ਕਿਸੇ ਅੰਗਾਰੀ ਵਾਂਗ ਭੱਖ ਰਹੀ ਸੀ ਤੇ ਮੁੰਨੀ ਨਿਰੀ ਉਸ ਦਾ ਪਰਛਾਵਾਂ ਜਾਪਦੀ ਸੀ।

ਦਿਨ ਰਾਤ ਓਹਨਾਂ ਦੀ ਘੁਸਰ ਘੁਸਰ ਮੈਨੂੰ ਚੰਗੀ ਨਹੀਂ ਸੀ ਲੱਗਦੀ। ਮੁੰਨੀ ਹਰ ਵੇਲੇ ਉਸੇ ਕੁੜੀ ਪਾਸ ਬੈਠੀ ਰਹਿੰਦੀ ਸੀ। ਖੌਰੇ ਕੀ ਗਲਾਂ ਕਰਦੀਆਂ ਰਹਿੰਦੀਆਂ ਸਨ ਉਹ। ਮੈਂ ਬਥੇਰਾ ਆਪਣੇ ਦਿਲ ਨੂੰ ਸਮਝਾਣ ਦੀ ਕੋਸ਼ਿਸ਼ ਕਰਦਾ ਸਾਂ। ਆਖਰ ਹੈ ਤਾਂ ਉਹ ਵੀ ਮੁੰਨੀ ਤੋਂ ਵਡੀ। ਉਸ ਦੇ ਤਜਰਬੇ ਵੀ ਮੁੰਨੀ ਤੋਂ ਵਡੇ ਹਨ। ਤੇ ਕੀ ਪਤਾ ਉਹ ਇਹ ਵੀ ਜਾਣਦੀ ਹੋਵੇ ਜਿਹੜਾ ਅਸੀਂ ਕਦੀ ਵੀ ਨਹੀਂ ਸਾਂ ਜਾਣ ਸਕੇ—ਬਚੇ ਕਿਥੋਂ ਆਉਂਦੇ ਹਨ?-ਤੇ ਖੌਰੇ ਉਸ ਮੁੰਨੀ ਨੂੰ ਦਸ ਵੀ ਦਿੱਤਾ ਹੋਵੇ।

ਪਰ ਇਹ ਖਿਆਲ ਹੁੰਦਿਆਂ ਵੀ ਈਰਖਾ ਮੇਰੇ ਮਨ ਵਿਚ ਬਹੁਤੀ ਸੀ ਤੇ ਮੈਂ ਨਹੀਂ ਸਾਂ ਚਾਹੁੰਦਾ, ਮੁੰਨੀ ਜਿਹੜੀ ਅੱਜ ਤੀਕ ਮੇਰੇ ਨਾਲ ਰਹੀ ਸੀ ਇਕ ਦੰਮ ਮੇਰੇ ਤੋਂ ਵੱਖਰੀ ਹੋ ਜਾਵੇ। ਹੁਣ ਮੈਨੂੰ ਉਹ ਕੁੜੀ ਪਹਿਲਾਂ ਨਾਲੋਂ ਵੀ ਭੈੜੀ ਲੱਗਣ ਲੱਗ ਗਈ ਸੀ।

ਜਿਉਂ ਜਿਉਂ ਮੁੰਨੀ ਮੇਰੇ ਨਾਲੋਂ ਵਖਰੀ ਰਹਿਣ ਲਗ

੩੧