ਪੰਨਾ:ਪਾਪ ਪੁੰਨ ਤੋਂ ਪਰੇ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਘੁੰਮਦੀ ਹੈ ਸੂਰਜ ਦੁਆਲੇ ਤੇ ਸੂਰਜ ਸਥਿਰ ਹੈ। ਧਰਤੀ ਇਕ ਗੇਂਦ ਵਾਂਗ ਗੋਲ ਹੈ। ਇਕ ਫ਼ੁਟ ਵਿਚ ਬਾਰਾਂ ਇੰਚ ਹੁੰਦੇ ਹਨ ਤੇ ਇਕ ਗਜ਼ ਵਿਚ ਤਿੰਨ ਫ਼ੁਟ-ਤੇ ਫਿਰ ਮੌਲਵੀ ਸਾਹਿਬ ਦਾ ਘੋੜਾ ਮੇਰੇ ਸਾਹਮਣੇ ਕੁਦਿਆ, ਪੰਡਤ ਜੀ ਦੀ ਬਹਿਲੀ ਦੇ ਪਰਦੇ ਪਾਟ ਗਏ। ਆਖ਼ਰ ਲੋੜ ਵੀ ਕੀ ਹੈ ਮੈਨੂੰ ਪੱਟੀਆਂ ਲਿਖਣ ਦੀ ਤੇ ਦਿਨ ਰਾਤ ਸੁਣਨ ਦੀ, 'ਤੂੰ ਨਹੀਂ ਜਾਣਦਾ, ਤੈਨੂੰ ਨਹੀਂ ਪਤਾ’। ਕਿਤਨੇ ਸੁੰਦਰ ਹਨ ਤਾਰੇ! ਕੀ ਇਹ ਸਾਰੇ ਹੀ ਪਟੀਆਂ ਲਿਖਦੇ ਹਨ? ਕੀ ਇਹ ਸਾਰੇ ਹੀ ਕੁਝ ਨਹੀਂ ਜਾਣਦੇ?

ਤੇ ਇਵੇਂ ਹੀ ਤਾਰੇ ਗਿਣਦਾ ਗਿਣਦਾ ਮੈਂ ਆਪਣੇ ਘਰੋਂ ਬਾਹਰ ਚਲਾ ਗਿਆ। ਮੇਰੇ ਨਾਲ ਮੇਰੀ 'ਪਠੋ' ਸੀ, ਜਿਹੜੀ ਮੈਨੂੰ ਆਪਣੇ ਆਪ ਵਾਂਗ ਪਿਆਰੀ ਸੀ। ਜਿਥੇ ਕਿਤੇ ਵੀ ਮੈਂ ਗਿਆ, ਉਹ ਮੇਰੇ ਨਾਲ ਰਹੀ, ਮੇਰੇ ਪਰਛਾਵੇਂ ਵਾਂਗ।

ਇੰਨੇ ਸਮੇਂ ਵਿਚ ਤਾਰੇ ਅਨਗਿਣਤ ਵਾਰੀ ਚਮਕ ਚੁਕੇ ਸਨ। ਉਹ ਮੈਨੂੰ ਵਧ ਤੋਂ ਵਧ ਸੁੰਦਰ ਜਾਪੇ ਸਨ। ਪੂਰਬੋਂ ਉਠੀ ਉਸ਼ਾ ਦੀ ਲਾਲ ਪੀਲੀ ਰੌਸ਼ਨੀ ਨਿਤ ਚਾਂਦੀ ਬਣ ਜਾਂਦੀ ਤੇ ਹਰ ਰੋਜ਼ ਸੂਰਜ ਡੁਬ ਜਾਂਦਾ, ਲਾਲੀ ਦੇ ਸਮੁੰਦਰ ਵਿਚ, ਦੂਰ ਪਛਮ ਵਲ। ਇੰਨੇ ਸਮੇਂ ਵਿਚ ਮੈਂ ਕਈ ਸਿਆਲੇ ਤਕੇ ਸਨ ਤੇ ਕਈ ਹੁਨਾਲੇ। ਕਈ ਬਹਾਰਾਂ ਪਤ-ਝੜ ਬਣ ਚੁਕੀਆਂ ਸਨ, ਤੇ ਕਈ ਪਤ-ਝੜ੍ਹਾਂ ਚੋਂ ਬਹਾਰਾਂ ਉਮ੍ਹਲ ਆਈਆਂ ਸਨ। ਜਿਥੇ ਕਿਤੇ ਵੀ ਮੈਂ ਜਾਂਦਾ ਸਾਂ ਮੇਰੀ ਦੁਨੀਆਂ ਮੇਰੇ ਨਾਲ ਰਹਿੰਦੀ ਸੀ। ਪਰ ਧਰਤੀ ਮੈਨੂੰ ਸਦਾ ਸਿਧ-ਪਧਰੀ ਹੀ ਜਾਪੀ, ਕਿਸੇ ਖੇਤੀ ਵਾਂਗ ਵਿਛੀ ਹੋਈ ਤੇ ਮੈਂ ਸੂਰਜ ਕਦੀ ਵੀ ਸਥਿਰ ਨਹੀਂ ਸੀ ਵੇਖਿਆ।

ਮੇਰੀ 'ਪਠੋ' ਹੁਣ ਤਕ ਕਈ ਵਾਰ ਬੱਚੇ ਜਣ ਚੁਕੀ ਸੀ॥ ਪਰ ਹੁਣ ਜਦੋਂ ਉਹ ਮੁੜ ਮਾਂ ਬਣਨ ਵਾਲੀ ਸੀ, ਤਾਂ

੩੮