ਪਾਸੇ ਕਰ ਲਿਆ।
'ਨਾਰਾਜ਼ ਏਂਂ ਮੇਰੇ ਨਾਲ ਮੇਰੀ ਰਾਣੀ?'
ਉਹ ਚੁਪ ਰਹੀ।
'ਆਖ਼ਿਰ ਕਿਉਂ?'
ਇਕ ਲੰਮੀ ਚੁਪ। ਤੇ ਉਹ ਸੋਚ ਰਹੀ ਸੀ ਆਖ਼ਿਰ ਇਸ ਕਿਉਂ ਦਾ ਉਤਰ ਉਹ ਕੀ ਦੇਵੇ। ਕੀ ਉਸ ਲਈ ਜ਼ਰੂਰੀ ਸੀ ਕਿ ਉਹ ਉਸਨੂੰ ਦਸ ਦੇਵੇ-ਮੈਨੂੰ ਤੇਰਾ ਵਤੀਰਾ ਨਹੀਂ ਚੰਗਾ ਲਗਦਾ-ਤੂੰ ਸ਼ਰਾਬ ਨਾ ਪੀਤਾ ਕਰ। ਕਲੱਬ ਜਾਣ ਦੇ ਬਹਾਨੇ ਖ਼ੌਰੇ ਤੂੰ ਕਿਥੇ ਘੁੰਮਦਾ ਰਹਿੰਦਾ ਏਂਂ। ਕੁੜੀਆਂ ਦੀਆਂ ਟੀਊਸ਼ਨਾਂ ਚੰਗੀਆਂ ਨਹੀਂ, ਕਾਲਜ ਦੀ ਪ੍ਰੋਫੈਸਰੀ ਚੰਗੀ ਨਹੀਂ-ਤੇਰੇ ਵਿਚ ਕੁਝ ਵੀ ਤਾਂ ਚੰਗਾ ਨਹੀਂ। ਪਰ ਓਹ ਕੁਝ ਵੀ ਨਾ ਬੋਲ ਸਕੀ। ਸ਼ਾਇਦ ਓਹ ਬੇਜ਼ਬਾਨੀ ਦੀ ਜ਼ਬਾਨ ਵਿਚ ਉਤਰ ਦੇਣਾ ਚਾਹੁੰਦੀ ਸੀ ਇਸ ਕਿਉਂ ਦਾ। ਜਾਂ ਸ਼ਾਇਦ ਉਹ ਆਪ ਵੀ ਨਹੀਂ ਸੀ ਜਾਣਦੀ ਇਸ ਨਾਰਾਜ਼ਗੀ ਦਾ ਕਾਰਨ। ਉਸ ਇਕ ਵਾਰ ਵੀ ਮੁੜ ਕੇ ਉਸ ਵਲ ਨਾ ਵੇਖਿਆ। ਪੈਮਾਨੇ ਪਹਿਲਾਂ ਵਾਂਗ ਛਲਕਦੇ ਰਹੇ ਤੇ ਉਹ ਖ਼ਾਮੋਸ਼ ਘੂਰਦੀ ਰਹੀ ਕੰਧ ਨੂੰ।
ਕ੍ਰਿਸ਼ਨ ਆਪਣੀਆਂ ਕਿਤਾਬਾਂ ਰੱਖ ਕੇ ਆਪਣੇ ਕਮਰੇ ਵਿਚ ਚਲਾ ਗਿਆ।
ਜਿਵੇਂ ਕਦੀ ਹਵਾ ਦਾ ਕੋਈ ਬੁੱਲ੍ਹਾ ਆਉਣ ਨਾਲ ਬੂਹੇ ਦੀ ਚਿੱਕ ਉਪਰ ਉਠ ਜਾਂਦੀ ਹੈ ਤੇ ਆਦਮੀ ਉਸ ਦੇ ਆਰ ਪਾਰ ਵੇਖ ਲੈਂਦਾ ਹੈ, ਇਵੇਂ ਹੀ ਕਈ ਕਿਸੇ ਖਿਆਲ ਦੇ ਆਉਣ ਨਾਲ ਉਹ ਇਕ ਵਾਰੀ ਆਪਣੇ ਦਿਲ ਦੀਆਂ ਡੂੰਘਾਣਾਂ ਵਿਚ ਖੁਭ ਜਾਂਦੀ ਤੇ ਫੇਰ ਉਹੀ ਖਿਆਲ ਕਿਸੇ ਹੋਰ ਸੋਚ ਦੇ ਹੇਠਾਂ ਦਬ ਜਾਂਦਾ ਸੀ। ਉਸ ਦਾ ਦਿਲ ਉਸ ਕਿਤਾਬ ਵਾਂਗ ਸੀ, ਜਿਹੜੀ ਉਠ ਰਹੀ
੪੫