ਪੰਨਾ:ਪਾਪ ਪੁੰਨ ਤੋਂ ਪਰੇ.pdf/53

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਹੀਂ ਸਾਂ ਕਰ ਸਕਿਆ। ਜੇ ਉਹ ਦੋਵੇਂ ਭਰਾ ਹਨ ਤਾਂ ਘਟੋ ਘੱਟ ਓਹਨਾਂ ਦੋਹਾਂ ਦੀ ਸ਼ਕਲ ਸੂਰਤ ਤਾਂ ਆਪੋ ਵਿਚ ਮਿਲਣੀ ਚਾਹੀਦੀ ਹੈ, ਪਰ ਏਥੇ ਤਾਂ ਫਰਕ ਸੀ ਇਤਨਾ, ਜਿਤਨਾ ਧਰਤ ਅਤੇ ਅਕਾਸ਼ ਵਿਚ, ਜਿਤਨਾ ਰਾਤ ਅਤੇ ਦਿਨ ਵਿਚ। ਤੇ ਇਤਨਾ ਹੀ ਫਰਕ ਓਹਨਾਂ ਦਿਆਂ ਖਿਆਲਾਂ ਵਿਚ ਵੀ ਸੀ! ਭਰਾ ਹੋਣ ਲਈ ਓਹਨਾਂ ਦਾ ਹਮਸ਼ਕਲ ਹੋਣਾ ਜ਼ਰੂਰੀ ਸੀ ਤੇ ਮਿੱਤਰ ਹੋਣ ਲਈ ਓਹਨਾਂ ਦਾ ਹਮ-ਖ਼ਿਆਲ ਹੋਣਾ। ਗਲ ਕੀ ਉਹ ਦੋਵੇਂ ਵਖੋ ਵਖ ਹਸਤੀਆਂ ਇਕੱਠੀਆਂ ਰਹਿ ਰਹੀਆਂ ਸਨ ਤੇ ਉਹ ਆਖਿਆ ਕਰਦੇ ਸਨ, 'ਅਸੀਂ ਦੋ ਉਹ ਰੇਲ ਦੀਆਂ ਪਟੜੀਆਂ ਹਾਂ ਜੋ ਭਾਵੇਂ ਕਿਤਨੀ ਦੂਰ ਵੀ ਕਿਉਂ ਨਾ ਚਲੀਆਂ ਜਾਣ, ਆਪਸ ਵਿਚ ਕਦੀ ਨਹੀਂ ਮਿਲਦੀਆਂ ਤੇ ਜੇ ਉਹ ਮਿਲ ਜਾਣ ਤਾਂ ਦੋਹਾਂ ਦੀਆਂ ਜੀਵਨ-ਗੱਡੀਆਂ ਆਪੋ ਵਿਚ ਟਕਰਾ ਕੇ ਚੂਰ ਚੂਰ ਹੋ ਜਾਣ। ਉਹ ਦੋ ਵਖੋ ਵਖ ਸ਼ਾਹਰਾਹਾਂ ਤੇ ਤੁਰ ਰਹੇ ਸਨ ਤੇ ਦੋ ਵਖ਼ੋ ਵਖ ਲੀਹਾਂ ਉਲੀਕ ਰਹੇ ਸਨ। ਉਹਨਾਂ ਦਾ ਖਿਆਲ ਸੀ ਕਿ ਇਹ ਲੀਹਾਂ ਆਪਸ ਵਿਚ ਕਦੀ ਵੀ ਨਹੀਂ ਮਿਲਣਗੀਆਂ। ਫੇਰ ਵੀ ਉਹ ਦੋਵੇਂ ਇਕੱਠੇ ਰਹਿ ਰਹੇ ਸਨ।

ਉਹ ਦੋਵੇ ਬਿਨਾਂ ਕੋਈ ਗਲ ਕੀਤੇ ਚੁਪ ਚਾਪ ਆਪਣੇ ਮਕਾਨ ਦੀ ਛਤ ਤੇ ਬੈਠ ਜਾਂਦੇ ਤੇ ਖਾਮੋਸ਼ੀ ਨਾਲ ਢਕੇ ਘਾਟੀ ਤੋਂ ਲੰਘਣ ਵਾਲੀਆਂ ਮੋਟਰਾਂ, ਲਾਰੀਆਂ ਤੇ ਸਾਈਕਲਾਂ ਨੂੰ ਵੇਖਦੇ ਰਹਿੰਦੇ ਜਾਂ ਦੂਰ ਪੱਥਰਾਂ ਦੇ ਕਾਰਖਾਨੇ ਵਿਚੋਂ ਉਠ ਰਹੀ ਧੂੜ ਤੇ ਧੂਏਂ ਨੂੰ। ਇਸ ਨੂੰ ਉਹ ਸਟੱਡੀ ਆਖਦੇ ਸਨ। ਐਸ ਵੇਲੇ ਖਡ ਵਿਚ ਦੋਵੇਂ ਪਾਸੇ ਬਣੀਆਂ ਮਜ਼ਦੂਰਾਂ ਦੀਆਂ ਝੁਗੀਆਂ ਉਨ੍ਹਾਂ ਨੂੰ ਇਸ ਤਰ੍ਹਾਂ ਲੱਗਦੀਆਂ ਸਨ ਜਿਵੇਂ ਉਹ ਖੱਡ 'ਚੋਂ ਫੁਟ ਰਹੀਆਂ ਨਿੱਕੀਆਂ ਨਿੱਕੀਆਂ ਖੁੰਬਾਂ ਹੋਣ। ਤੇ ਮਜ਼ਦੂਰ ਲੋਕ ਖੱਡ ਨੂੰ ਦਿਨ

੫੨