ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/58

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਸੀ। ਉਸੇ ਵੇਲੇ ਇਕ ਪੰਜਾਬੀ ਮੌਲਵੀ ਸਾਹਿਬ ਜੋ ਉਥੇ ਆ ਪਹੁੰਚਦੇ ਹਨ, ਬੋਲ ਉਠਦੇ ਹਨ, 'ਤੇ ਜਾਵੇ ਵੀ ਕਿਵੇਂ ਖੌਰੇ ਕਿਸਨੂੰ ਮਿਲਣ ਜਾ ਰਹੀ ਹੈ ਕਿਧਰੇ।'

ਤੇ ਇਕ ਪੂਰਬੀਆ ਬੋਲਦਾ ਹੈ।

'ਕਿਸੀ ਸੇ ਕਰਾਰ ਕੀਆ ਹੋਗਾ ਸਾਲੀ ਨੇ।'

ਮੌਲਵੀ ਸਾਹਿਬ ਆਪਣੀ ਦਾੜ੍ਹੀ ਤੇ ਹਥ ਫੇਰਦੇ ਹਨ, ਬਚਨ ਆਪਣੀ ਪਗੜੀ ਸੰਭਾਲਦਾ ਹੈ ਤੇ ਲੋਚਨ ਉਸ ਨੂੰ ਦੂਰ ਤਕ ਵੇਖਦਾ ਰਹਿੰਦਾ ਹੈ।'

ਆਪਸ ਵਿਚ ਇਤਨੀ ਕਸ਼ਮਕਸ਼ ਹੋਣ ਤੇ ਵੀ ਉਹ ਇਕੱਠੇ ਰਹਿਣਾ ਚਾਹੁੰਦੇ ਸਨ। ਇਸ ਦਾ ਉਹ ਫਾਇਦਾ ਵੀ ਉਠਾਂਦੇ ਸਨ। ਉਦਾਹਰਣ ਲਈ ਉਹ ਇਕ ਕਵਿਤਾ ਦੀ ਕਿਤਾਬ ਪੜ੍ਹਦੇ ਜਾਂ ਕੋਈ ਪਿਕਚਰ ਦੇਖਦੇ ਸਨ ਤਾਂ ਇਕ ਆਉਂਦਿਆਂ ਹੀ ਉਸ ਦੀਆਂ ਖੂਬੀਆਂ ਛੇੜ ਦਿੰਦਾ ਤੇ ਜਾਂਦਾ ਤੇ ਦੂਜਾ ਉਸ ਦੀ ਨਿੰਦਿਆ ਕਰਨ ਲਗ ਜਾਂਦਾ। ਥੋੜੀ ਦੇਰ ਵਿਚ ਹੀ ਉਨ੍ਹਾਂ ਪਾਸ ਉਸ ਪੁਸਤਕ ਜਾਂ ਪਿਕਚਰ ਤੇ ਇਕ ਚੰਗੀ ਪੜਚੋਲ ਜਮ੍ਹਾਂ ਹੋ ਜਾਂਦੀ ਤੇ ਉਹ ਉਸ ਦੀਆਂ ਖੂਬੀਆਂ ਤੇ ਨੁਕਸਾਂ ਤੋਂ ਚੰਗੀ ਤਰ੍ਹਾਂ ਜਾਣੂ ਹੋ ਜਾਂਦੇ।

ਇਕ ਰਾਤ ਉਹ ਕੋਈ ਪਿਕਚਰ ਦੇਖ ਕੇ ਵਾਪਸ ਆ ਰਹੇ ਸਨ, ਰਾਤ ਅੰਨ੍ਹੇਰੀ ਸੀ। ਲੋਚਨ ਆਪਣੀ ਆਦਤ ਅਨੁਸਾਰ ਤੇਜ਼ ਤੁਰਨਾ ਚਾਹੁੰਦਾ ਸੀ ਤੇ ਤੇ ਬਚਨ ਸਦਾ ਵਾਂਗ ਕਛੂਏ ਦੀ ਤੋਰ ਤੁਰ ਰਿਹਾ ਸੀ। ਲੋਚਨ ਨੇ ਉਸ ਨੂੰ ਇਕ ਦੋ ਵਾਰੀ ਅਗੇ ਖਿਚਣ ਦਾ ਯਤਨ ਕੀਤਾ ਹੈ ਪਰ ਵਿਅਰਥ ਤੇ ਆਖਰ ਇਕੋ ਝਟਕੇ ਦੀਆਂ ਉਂਗਲੀਆਂ ਇਕ ਦੂਜੇ ਨਾਲੋਂ ਵੱਖ ਹੋ ਗਈਆਂ। ਫਰਕ ਵਧਦਾ ਗਿਆ। ਲੋਚਨ ਨੇ ਹੋਰ ਤੇਜ਼ ਤੁਰਨਾ ਸ਼ੁਰੂ ਕਰ ਦਿਤਾ ਤੇ ਬਚਨ ਨੂੰ ਹੋਰ ਸੋਚਣ ਦਾ ਸਮਾਂ ਮਿਲ ਗਿਆ -

੫੭