ਪੰਨਾ:ਪਾਪ ਪੁੰਨ ਤੋਂ ਪਰੇ.pdf/63

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਦੀਵਾ ਬਲਿਆ-ਦੁਸ਼ਮਣ ਟਲਿਆ"

ਹਰ ਸ਼ਾਮ ਜਦੋਂ ਉਹ ਦੀਵਾ ਬਾਲਦੀ ਸੀ ਤਾਂ ਉਹ ਇਹੋ ਹੀ ਆਖਦੀ ਸੀ। "ਦੀਵੇ ਤੇਲ-ਵਿਛੜਿਆਂ ਮੇਲ।" ਹਰ ਸ਼ਾਮ ਉਸ ਨੂੰ ਆਸ ਬਝ ਜਾਂਦੀ ਸੀ ਸ਼ਾਇਦ ਅਜ ਰਾਤ ਉਸਦਾ ‘ਮਾਧੋ' ਆ ਜਾਵੇ। ਚੰਨ ਹਰ ਰਾਤ ਚੜ੍ਹਦਾ ਤੇ ਲਹਿ ਜਾਂਦਾ, ਦੀਵਾ ਹਰ ਰਾਤ ਜਗਦਾ ਤੇ ਬੁਝ ਜਾਂਦਾ, ਪਰ ਉਸ ਦੀ ਆਸ ਸਦਾ ਹਰੀ ਰਹਿੰਦੀ। ਚੰਨ ਵਧਦਾ ਤੇ ਘਟਦਾ ਰਹਿੰਦਾ ਪਰ ਉਸਦਾ ਦੀਵਾ ਸਦਾ ਇਕੋ ਜਹੀ ਲੋ ਨਾਲ ਬਲਦਾ।

ਅਜ ਉਹ ਆਪਣਿਆਂ ਖੇਤਾਂ ਵਿਚੋਂ ਮੁੜ ਰਹੀ ਸੀ ਤੇ ਸੋਚ ਰਹੀ ਸੀ ਇਵੇਂ ਹੀ ਜਦੋਂ ਉਹ ਨਿਕੀ ਹੁੰਦੀ ਸੀ ਤੇ ਆਪਣਿਆਂ ਖੇਤਾਂ ਵਿਚ ਘੁੰਮਿਆ ਕਰਦੀ। ਕਈ ਵਾਰੀ ਜਦੋਂ ਉਹ ਪਹਿਲੀ ਵਾਰ ਏਕਮ ਦਾ ਚੰਨ ਤਕਦੀ ਤਾਂ ਉਹ ਆਖਦੀ "ਚੰਨ ਚੜ੍ਹਿਆ ਭਾਗੇਂ ਭਰਿਆ, ਮੇਰਾ ਵੀਰ ਘੋੜੀ ਚੜ੍ਹਿਆ।" ਉਹ ਇਸ ਭਾਵ ਤੋਂ ਅਨਜਾਣ ਸੀ, ਉਸਨੂੰ ਕੀ ਪਤਾ ਸੀ ਚੰਨ ਨੂੰ ਉਸ ਦੇ ਵੀਰ ਨਾਲ ਕੀ ਨਿਸਬਤ ਹੈ। ਉਦੋਂ ਚੰਨ ਉਸ ਲਈ ਕੇਵਲ ਚੰਨ ਹੀ ਹੁੰਦਾ ਸੀ। ਚੰਨ ਮਾਮਾ-ਤੇ ਦੀਵਾ ਬਾਲ ਕੇ ਉਸ ਨੂੰ ਕੋਈ ਦੁਸ਼ਮਣ ਨਹੀਂ ਸੀ ਚੇਤੇ ਆਉਂਦਾ, ਉਦੋਂ ਵੈਰੀ ਤੇ ਮਿਤਰ ਉਸ ਲਈ ਇਕੋ ਜਹੇ ਹੀ ਹੁੰਦੇ ਸਨ ਤੇ ਫੇਰ ਮਾਧੋ ਨਾਲ ਉਸ ਦਾ ਵਿਆਹ ਹੋ ਗਿਆ। ਉਦੋਂ ਮਾਧੋ ਪਿੰਡ ਵਿਚ ਹੀ ਰਹਿੰਦਾ ਸੀ। ਉਸ ਦੇ ਆਪਣੇ ਖੇਤ ਸਨ ਤੇ ਉਹ ਵਾਹੀ ਕਰਦਾ ਸੀ, ਪਰ ਪਤਾ ਨਹੀਂ ਯਕਾ ਯਕੀ ਉਸਦੇ ਮਨ ਵਿਚ ਕੀ ਸਮਾ ਗਈ ਕਿ ਉਹ ਆਪਣਾ ਹਲ-ਪੰਜਾਲੀ ਛਡ ਕੇ ਪਿੰਡੇ ਨੱਸ ਗਿਆ। ਓਦੋਂਂ ਲਾਮ ਦੇ ਦਿਨ ਸਨ ਤੇ ਉਹ ਭਰਤੀ ਹੋ ਗਿਆ-ਉਸ ਨੂੰ ਖਿਆਲ ਆਇਆ। ਮਾਧੋ ਇਕ ਸੁਨੱਖਾ ਜਿਹਾ ਮੁੰਡਾ ਸੀ ਗੋਰੇ ਰੰਗ ਦਾ

੬੨