ਇਨ੍ਹਾਂ ਕਹਾਣੀਆਂ ਨੂੰ ਮੈਂ ਜ਼ਿੰਦਗੀ ਵਿੱਚੋਂ ਲਿਆ ਹੈ। ਕੁਝ ਮੇਰੀ ਆਪਣੀ ਜ਼ਿੰਦਗੀ ਹੈ ਤੇ ਕੁਝ ਤੁਹਾਡੀ। ਮੈਂ ਹਕੀਕਤ ਨੂੰ ਹਕੀਕਤ ਆਖਣ ਦਾ ਆਦੀ ਹਾਂ। ਮੇਰਾ ਦ੍ਰਿਸ਼ਟੀਕੋਨ ਜ਼ਿੰਦਗੀ ਬਾਰੇ ਜਿਤਨਾ ਕਰੜਾ ਹੈ, ਉਤਨਾ ਹੀ ਸੂਖਮ ਵੀ। ਮੇਰੀ ਕਲਮ ਬੇ-ਰਹਿਮ ਹੈ, ਬੇ-ਸ਼ਰਮ ਹੈ, ਪਰ ਜ਼ਾਲਮ ਨਹੀਂ। ਮੈਂ ਆਪਣੇ ਪਾਤਰਾਂ ਨਾਲ ਕਦੀ ਵੀ ਗੱਦਾਰੀ ਨਹੀਂ ਕੀਤੀ। ਮੈਂ ਉਨਾਂ ਨੂੰ ਹੂ-ਬ-ਹੂ ਜਿਵੇਂ ਜ਼ਿੰਦਗੀ ਵਿਚ ਵੇਖਿਆ ਹੈ, ਉਵੇਂ ਹੀ ਚਿਤਰਿਆ ਹੈ। ਮੈਂ ਉਨ੍ਹਾਂ ਦੀ ਜ਼ਿੰਦਗੀ ਦੇ ਸਾਰੇ ਭੇਤ ਜਾਣੇ ਹਨ। ਮੈਂ ਉਨ੍ਹਾਂ ਨਾਲ ਇਕ-ਮਿਕ ਹੋਇਆ ਹਾਂ। ਮੈਂ ਉਨ੍ਹਾਂ ਦੇ ਦੁਖ ਦਾ ਭਿਆਲ ਬਣਿਆ ਹਾਂ ਤੇ ਸੁੱਖ ਦਾ ਸਾਂਝੀਵਾਲ। ਪਰ ਕਦੀ ਕਦੀ ਜਦੋਂ ਮੈਂ ਉਨ੍ਹਾਂ ਦੀਆਂ ਡੂੰਘੀਆਂ ਪੀੜਾਂ ਨਹੀਂ ਸਹਾਰ ਸਕਿਆ ਤਾਂ ਛੁਟ ਇਸ ਤੋਂ ਕਿ ਮੈਂ ਉਨ੍ਹਾਂ ਨੂੰ ਨਾਲ ਲੈ ਕੇ ਆਪਣੀ ਕਲਪਿਤ ਦੁਨੀਆਂ ਵਿਚ ਪਰਵੇਸ਼ ਕਰਦਾ, ਮੇਰੇ ਲਈ ਕੋਈ ਚਾਰਾ ਨਹੀਂ ਸੀ।
ਮੇਰੀ 'ਦੁਲਾਰੀ' ਅਣ-ਮੰਗੇ ਜਣੇਪੇ ਦੀਆਂ ਪੀੜਾਂ ਸਹਾਰਦੀ ਹੈ, ਪਰ ਸੀ ਨਹੀਂ ਕਰਦੀ, ਉਹ ਲੋਕ-ਲਾਜ ਤੋਂ ਡਰਦੀ ਹੈ। ਮੇਰੀ 'ਗੀਤਾ' ਆਪਣੇ 'ਮੋਹਨ’ ਦੇ ਵਤੀਰੇ ਤੋਂ ਦੁੱਖੀ ਹੈ। ਉਸ ਦਾ ਦੁੱਖ ਉਸ ਦੇ ਜੀਵਨ ਦੀ ਹਰ ਹਰਕਤ ਵਿੱਚੋਂ ਝਾਕਦਾ ਹੈ, ਪਰ ਉਹ ਆਪਣੇ ਬੁੱਲਾਂ ਤੀਕ ਸ਼ਕਾਇਤ ਨਹੀਂ ਲਿਆ ਸਕਦੀ ਕਿਉਂਕਿ ਭਾਰਤੀ ਇਸਤਰੀ ਹੈ। ਉਸ ਦਾ ਸਵਾਮੀ ਉਸ ਲਈ ‘ਪਤੀ ਦੇਵ’ ਅਤੇ ‘ਪਤੀ ਪਰਮੇਸ਼ਵਰ' ਹੈ। ਉਸ ਵਿਚ ਬਗਾਵਤ ਦੇ ਸਾਰੇ ਅੰਸ਼ ਹੁੰਦਿਆਂ ਹੋਇਆਂ
੬