ਪੰਨਾ:ਪਾਪ ਪੁੰਨ ਤੋਂ ਪਰੇ.pdf/71

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੁਰੀ ਆ ਰਹੀ ਸੀ। ਇਕ ਬੰਨੇ ਸਾਰੇ ਦੇ ਸਾਰੇ ਦਫ਼ਤਰ ਦੀ ਜ਼ਿਮਾਵਾਰੀ ਮੇਰੇ ਸਿਰ ਪਾਈ ਜਾ ਰਹੀ ਸੀ। ਮੈਂ ਡਾਇਰੈਕਟਰ ਤੋਂ ਡਾਇਰੈਕਟਰ ਜਨਰਲ ਹੋ ਰਿਹਾ ਸਾਂ ਤੇ ਦੂਜੇ ਬੰਨੇ ਸਾਰੇ ਦੇ ਸਾਰੇ ਦਫਤਰ ਦਾ ਸਰਕਾਰੀ ਅਮਲਾ ਮੇਰੇ ਖ਼ਿਲਾਫ ਆਵਾਜ਼ ਉਠਾ ਰਿਹਾ ਸੀ। ਕਾਫ਼ੀ ਦੇਰ ਸੋਚਣ ਮਗਰੋਂ ਇਸ ਦੁਬਧਾ ਦਾ ਕਾਰਣ ਮੈਂ ਜਾਣਿਆ, ਸ਼ਾਇਦ ਮੈਂ ਨਰਮ-ਦਿਲ ਹਾਂ, ਹੱਸ-ਮੁੱਖ ਹਾਂ, ਸਪੀਰੀਅਰ ਆਫ਼ੀਸਰਜ਼ ਦੇ ਹਲਕੇ ਵਿਚ ਮੈਂ ਸਭ ਨਾਲੋਂ ਕਮ ਉਮਰ ਹਾਂ, ਤੇ ਨਾਲ ਹੀ ਇਸ ਦਾ ਇਲਾਜ ਵੀ ਮੈਨੂੰ ਸੁਝ ਪਿਆ ਸੀ।

ਇਕ ਜ਼ਿਮਾਵਾਰ ਅਫਸਰ ਹੋਣ ਦੀ ਹੈਸੀਅਤ ਵਿਚ ਮੈਨੂੰ ਆਪਣੇ ਮਾਤਹਿਤ ਅਫ਼ਸਰਾਂ ਨਾਲ ਹੱਸ ਹੱਸ ਕੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ। ਮੈਨੂੰ ਕਦੀ ਵੀ ਇਨ੍ਹਾਂ ਨਾਲ ਆਪਣੀ ਹਮਦਰਦੀ ਨਹੀਂ ਜਤਾਣੀ ਚਾਹੀਦੀ। ਮੈਨੂੰ ਇਕ ਖਾਮੋਸ਼, ਬਾਕਾਇਦਾ ਤੇ ਬਾਜ਼ਾਬਤਾ ਜ਼ਿੰਦਗੀ ਜੀਊਣ ਦੀ ਲੋੜ ਹੈ,ਇਸ ਵਿਚ ਕਿਸੇ ਦੂਜੇ ਦਾ ਕੋਈ ਦਖ਼ਲ ਨਾ ਹੋਵੇ, ਇਸ ਨੂੰ ਮੈਂ ਆਪ ਜੀਆਂ ਤੇ ਸਾਰਿਆਂ ਤੋਂ ਬੇਲਿਹਾਜ਼ ਹੋ ਕੇ ਜੀਆਂ। ਨਾਲ ਹੀ ਮੈਂ ਆਪਣੇ ਦਿਲ ਨਾਲ ਫੈਸਲਾ ਕੀਤਾ ਕਿ ਅਜ ਪਹਿਲਾ ਕਦਮ ਮੇਰੇ ਦਫਤਰ ਵਲ, ਕੇਵਲ ਇਸ ਫ਼ੈਸਲੇ ਨਾਲ ਉਠਣਾ ਚਾਹੀਦਾ ਕਿ ਮੈਂ ਜਾਂਦਿਆਂ ਹੀ ਹੈਡ-ਕਲਰਕ ਪਾਸੋਂ ਐਕਸਪਲੇਨੇਸ਼ਨ ਦੀ ਮੰਗ ਕਰਨੀ ਹੈ। ਸ਼ਾਹ ਦੀ ਰੀਪੋਰਟ ਕਰਨੀ ਹੈ। ਬਾਕੀ ਅਫ਼ਸਰਾਂ ਦੇ ਹੋਰ ਜੂਨੀਅਰ ਸਟਾਫ਼ ਨੂੰ ਤਾਂ ਮੇਰੀ ਇਕ ਘੂਰੀ ਵੀ ਕਾਫ਼ੀ ਹੈ। ਇਹ ਬੇਵਕੂਫ ਲੋਕ ਆਪਣਾ ਅੱਗਾ ਪਿਛਾ ਕੁਝ ਵੀ ਨਹੀਂ ਸੋਚ ਸਕਦੇ। ਐਵੇਂ ਖ਼ਾਮਖ਼ਾਹ ਪਰਾਈ ਅੱਗ ਵਿਚ ਕੁਦ ਪੈਂਦੇ ਹਨ, ਪਰ ਨਾਲ ਹੀ ਮੈਨੂੰ ਇਸ ਬੇਵਕੂਫ-ਤਬਕਾ ਖ਼ਲਕਤ ਤੇ ਰਹਿਮ ਵੀ

੭੦