ਪੰਨਾ:ਪਾਪ ਪੁੰਨ ਤੋਂ ਪਰੇ.pdf/75

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

"ਮੇਰਾ ਮਤਲਬ ਸੀ-ਜੇ ਤੁਸੀਂ ਇਨਾਂ ਵਿਚੋਂ ਕੋਈ ਕਿਤਾਬ ਖ਼ਰੀਦ ਸਕਦੇ...... ਜੇ ਤੁਸੀਂ ਇਨ੍ਹਾਂ ਵਿਚੋਂ ਕਿਸੇ ਨਾਲ ਦਿਲਚਸਪੀ ਰੱਖਦੇ ਹੁੰਦੇ......ਮੈਂ ਤੁਹਾਨੂੰ ਇਹ ਸਭ ਕੁਝ ਬਹੁਤ ਸੱਸਤਾ ਹੀ ਦੇਣਾ ਸੀ....ਬਹੁਤ ਸੱਸਤਾ ਹੀ! ਪਰ ਜੇ ਤੁਸੀਂ ਸ਼ੌਕ ਰੱਖਦੇ ਹੋਵੋ..........ਜੇਤੁਸੀਂ ਚਾਹੋ ਤਾਂ........ਮੇਰਾ ਮਤਲਬ ਸੀ.....।"

ਇੰਨਾ ਕੁਝ ਆਖ ਕੇ ਵੀ ਅਜੇ ਉਹ ਆਪਣਾ ਮਤਲਬ ਮੈਨੂੰ ਨਹੀਂ ਸੀ ਦੱਸ ਸਕੀ। ਉਹ ਸਾਰੀ ਦੀ ਸਾਰੀ ਮੇਰੇ ਸਾਹਮਣੇ ਇਕ ਜੀਉਂਦਾ ਜਾਗਦਾ ਤਰਲੇ ਦਾ ਬੁਤ ਬਣ ਗਈ ਸੀ, ਪਰ ਅਜੇ ਵੀ ਉਸ ਦਾ ਮਤਲਬ ਸਪਸ਼ਟ ਨਹੀਂ ਸੀ।

ਤੇ ਮੈਂ ਉਹ ਕਿਤਾਬਾਂ ਉਸ ਪਾਸੋਂ ਲੈ ਕੇ ਦੇਖਣ ਲੱਗ ਗਿਆ। ਮੈਂ ਉਨ੍ਹਾਂ ਨੂੰ ਉਲਟ-ਪਲਟ ਕੇ ਵੇਖਿਆ। ਕਿਤਾਬਾਂ ਦੇ ਨਾਉਂ ਪੜ੍ਹੇ, ਉਨ੍ਹਾਂ ਵਿਚ ਕੋਈ ਕਿਤਾਬ ਵੀ ਐਕਾਉਂਟੈਂਸੀ ਦੀ ਬਾਬਤ ਨਹੀਂ ਸੀ। ਉਨ੍ਹਾਂ ਵਿਚ ਕੋਈ ਮੈਕਸਮ ਗੋਰਕੀ, ਹਾਰਡੀ ਜਾਂ ਡਿਕਨਸ ਦੀ ਰਚਨਾ ਨਹੀਂ ਸੀ, ਸਗੋਂ ਉਹ ਸਾਰੇ ਦੀਆਂ ਸਾਰੀਆਂ ਕਿਸੇ ਬਦੇਸੀ ਯੂਨੀਵਰਸਟੀ ਦੀਆਂ ਵਿਦਿਅਕ ਪੁਸਤਕਾਂ ਸਨ, ਜਿਹੜੀਆਂ ਪੁਲਿਟੀਕਲ ਸਾਇੰਸ ਬਾਬਤ ਸਨ। ਬਰਿਟਸ਼ ਕਾਨਸਟੀਟਿਊਸ਼ਨ ਬਾਬਤ ਸਨ, ਮਾਰਕਸਵਾਦ ਬਾਬਤ ਸਨ। ਕਿਤਨਾ ਸਮਾਂ ਮੈਂ ਉਸ ਦੀਆਂ ਕਿਤਾਬਾਂ ਉਲਟਦਾ-ਪੁਲਟਦਾ ਰਿਹਾ, ਉਹ ਮੇਰੇ ਵਲ ਤਕਦੀ ਰਹੀ ਤੇ ਜਦੋਂ ਮੈਂ ਮੁੜ ਨਜ਼ਰ ਚੁਕ ਕੇ, ਉਸ ਦੇ ਵਾਹਯਾਤ ਤਰੀਕੇ ਨਾਲ ਲਾਲ ਕੀਤੇ ਹੋਏ ਬੁਲ੍ਹਾਂ ਜਾਂ ਖੁਸ਼ਕ ਵਾਲਾਂ ਵਲ ਤਕਦਾ, ਤਾਂ ਉਹ ਇਕ ਵਾਰ ਅੱਖਾਂ ਝਮਕਦੀ ਅਤੇ ਉਸ ਦੇ ਬੁਲ੍ਹਾਂ ਤੋਂ ਫਿਸਲਦੀ ਹੋਈ ਨਿੱਕੀ ਮੁਸਕਰਾਹਟ ਉਸ ਦਾ ਸਾਰੇ ਦਾ ਸਾਰਾ ਚਿਹਰਾ ਢੱਕ ਲੈਂਦੀ

੭੪