ਸਮੱਗਰੀ 'ਤੇ ਜਾਓ

ਪੰਨਾ:ਪਾਪ ਪੁੰਨ ਤੋਂ ਪਰੇ.pdf/87

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਰਖਣਾ। .........ਘਿਰਣਾ......ਪਿਆਰ......ਤਿਆਗ.... ਪਰਾਪਤੀ ਉਸ ਦੇ ਦੀਮਾਗ਼ ਵਿਚ ਘੁੰਮਦੇ ਰਹੇ ਉਸਨੇ ਮਹਿਸੂਸਿਆ ਜਿਵੇਂ ਕੰਨਸੋਆਂ ਉਸ ਦੇ ਕੰਨਾਂ ਤੀਕ ਅਪੜਨੀਆਂ ਬੰਦ ਹੋ ਗਈਆਂ ਹੋਣ, ਜ਼ਿੰਦਗੀ ਤੁਰਦੀ ਤੁਰਦੀ ਰੁਕ ਗਈ ਹੋਵੇ ਤੇ ਸਾਰੇ ਦੀਆਂ ਸਾਰੀਆਂ ਦੇਵ ਦਾਸੀਆਂ ਆਪ ਮੁਹਾਰੇ ਹੀ ਬੇਸੁਧ ਕੀਲੀਆਂ ਗਈਆਂ ਹੋਣ। ਤੇ ਉਸ ਨੇ ਜਾਣਿਆਂ ਉਹ ਛਾਇਆ ਨਾਟਕ ਦਾ ਇਕ ਮਨਮੋਹਣਾ ਚਿਤਰ ਦੇਖ ਰਿਹਾ ਹੈ। ਉਸ ਦੀਆਂ ਪੁਰ-ਸਕੂਨ ਝੀਲਾਂ ਵਿਚ ਆਪ ਮੁਹਾਰੇ ਹੀ ਤੂਫ਼ਾਨ ਜਾਗ ਪਏ। ਤੇ ਚੰਨ ਜੋ ਆਪਣੇ ਆਪ ਵਿਚ ਜਵਾਰ-ਭਾਟਾ ਉਪਜਾਉਣ ਦੀਆਂ ਸਾਰੀਆਂ ਸ਼ਕਤੀਆਂ ਰਖਦਾ ਸੀ ਹੌਲੀ ਹੌਲੀ ਆਪਣੀਆਂ ਰਿਸ਼ਮਾਂ ਸਮੇਟਦਾ ਹੋਇਆ ਇਕ ਪੂਰਣ ਸੁੰਦਰਤਾ ਰੂਪ ਵਿਚ ਵਟ ਗਿਆ। ਨਿਸਲ ਪਈਆਂ ਦੇਵ ਦਾਸੀਆਂ ਦੇ ਪਿੰਜਰ ਆਪਸ ਵਿਚ ਖ਼ਲਤ ਮਲਤ ਗਏ ਤੇ ਉਨ੍ਹਾਂ ਸਾਰੀਆਂ ਦੇ ਉਪਰ ਇਕ ਨੂਰਾਨੀ ਛਾਇਆ ਮੁਸਕਰਾਈ। ਇਕ ਸੁੰਦਰ ਚਿਹਰਾ ਕਿਸੇ ਕਲਪਨਾਂ ਵਾਂਗ ਉਸਦੇ ਸਾਹਮਣੇ ਉਜਾਗਰ ਹੋ ਉਠਿਆ। ਬੇਕਰਾਰ ਲਹਿਰਾਂ ਤੇ ਉਸ ਇਕ ਅੰਗੜਾਈ ਲਈ, ਤੇ ਸਾਰੀ ਬਨੱਸਪਤੀ ਨਸ਼ੇ ਨਾਲ ਝੂਮ ਉਠੀ। ਉਹ ਮੁਸਕਰਾਈ ਤੇ ਸਾਰੇ ਸੰਸਾਰ ਵਿਚ ਉਸਦੀ ਚੰਚਲਤਾ ਫੈਲ ਗਈ। ਉਸ ਦੀ ਮੁਸਕਣੀ ਮਧੁਰ ਸੀ ਤੇ ਨੈਣ ਚੰਚਲ! ਜਾਣੋ ਸਾਰੇ ਸੰਸਾਰ ਦੀ ਮਧੁਰਤਾ ਅਤੇ ਚੰਚਲਤਾ ਉਸਦੇ ਹਿਸੇ ਆਈ ਸੀ। ਉਸ ਨੇ ਪੁਜਾਰੀ ਵਲ ਵੇਖਿਆ ਜਾਣੋ ਉਸ ਨੂੰ ਆਪਣੇ ਵਲ ਬੁਲਾ ਰਹੀ ਸੀ। ਤੇ ਉਹ ਆਪਣੇ ਆਪ ਉਸ ਵਲ ਵਧਦਾ ਗਿਆ।

"ਤੁਸੀਂ ਕੌਣ ਹੋ?" ਪੁਜਾਰੀ ਦੀਆਂ ਹੈਰਾਨ ਅੱਖਾਂ ਨੇ ਉਸ ਨੂੰ ਪੁਛਿਆ।

੮੬