ਪੰਨਾ:ਪਾਰਸ.pdf/106

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਪਣੇ ਲੜਕਿਆਂ ਨੂੰ ਉਹ ਲੋਕ ਲੈ ਗਏ ਹਨ, ਤੂੰ ਕੀ ਕਰ ਸਕਦੀਏਂ ?'

ਸਿਧੇਸ਼ਵਰੀ ਨੂੰ ਯਕੀਨ ਨ ਹੋਇਆ । ਆਖਣ ਲੱਗੀ, 'ਤੁਹਾਡੇ ਭਰਾ ਨੇ ਤਾਂ ਆਖਿਆ ਹੈ, ਦਾਹਵਾ ਕੀਤਿਆਂ ਸਜ਼ਾ ਹੋ ਜਾਇਗੀ ।'

'ਭਰਾ ਇਹ ਗੱਲ ਆਖ ਹੀ ਨਹੀਂ ਸਕਦਾ, ਤੈਨੂੰ ਮਖੌਲ ਕੀਤਾ ਹੋਣਾ ਏਂ।'

ਸਿਧੇਸ਼ਵਰੀ ਨੇ ਆਖਿਆ 'ਐਨੀ ਉਮਰ ਹੋ ਗਈ, ਕੀ ਮੈਂ ਹਾਲੀ ਤਕ ਮਖੌਲ ਨੂੰ ਵੀ ਨਹੀ ਸਮਝ ਸਕਦੀ ? ਜੇ ਤੁਹਾਡੀ ਇਹ ਮਰਜ਼ੀ ਹੈ ਕਿ ਮੈਂ ਬਚਿਆਂ ਨੂੰ ਆਪਣੇ ਕੋਲ ਨ ਰੱਖਾਂ ਤਾਂ ਸਾਫ ਸਾਫ ਕਿਉਂ ਨਹੀਂ ਆਖ ਦੇਂਦੇ ?'

ਹਰੀਸ਼ ਨੇ ਸ਼ਰਮਿੰਦਾ ਹੋਕੇ ਕਈ ਤਰ੍ਹਾਂ ਸਮਝਾਉਣ ਦੀ ਕੋਸ਼ਸ਼ ਕੀਤੀ, ਕਿ ਇਹ ਦਾਹਵਾ ਅਦਾਲਤ ਨੇ ਨਹੀਂ ਮੰਨਣਾ, ਉਹਨਾਂ ਨੂੰ ਕਿਸੇ ਹੋਰ ਮੁਕੱਦਮੇ ਵਿਚ ਅੜਾਇਆ ਜਾ ਸਕਦਾ ਹੈ। ਸਾਨੂੰ ਹੁਣ ਇਹ ਹੀ ਕਰਨਾ ਠੀਕ ਹੈ।

ਸਿਧੇਸ਼ਵਰੀ ਕ੍ਰੋਧ ਦੇ ਮਾਰਿਆਂ ਉਠ ਕੇ ਖਲੋ ਗਈ । ਕਹਿਣ ਲੱਗੀ, 'ਤੁਸੀਂ ਇਹ ਆਪਣੀ ਰਾਏ ਆਪਣੇ ਹੀ ਪਾਸ ਰੱਖੋ ਮੇਰੀ ਉਮਰ ਦੇ ਤਿੰਨ ਹਿਸੇ ਲੰਘ ਗਏ ਨੇ, ਚੌਥਾ ਲੰਘਦਾ ਜਾ ਰਿਹਾ ਹੈ । ਮੈਂ ਝੂਠਾ ਦਾਹਵਾ ਕੋਈ ਨਹੀਂ ਕਰਨਾ। ਅਗਲੇ ਜਹਾਨ ਵਿਚ, ਤੁਸਾਂ ਮੇਰੇ ਥਾਂ ਥੋੜਾ ਹਿਸਾਬ ਦੇ ਦੇਣਾ ਹੈ। ਤੁਸੀਂ ਨ ਲਿਖੋ ਮੈਂ ਮਣੀ ਨੂੰ ਭੇਜ ਕੇ ਨਗੀਨ ਬਾਬੂ ਤੋਂ ਲਿਖਵਾ ਲਊਂਗੀ,' ਇਹ ਆਖ ਕੇ ਉਹ ਉਠ ਕੇ ਤੁਰ ਗਈ।