ਪੰਨਾ:ਪਾਰਸ.pdf/140

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੧੩੯)

ਵੇਖਿਆ ਹੈ ਕਿ ਇਹੋ ਜਹੀਆਂ ਘਟਨਾਵਾਂ ਦਾ ਕੋਈ ਅੰਤ ਨਹੀਂ ਰਿਹਾ । ਸਾਡੇ ਆਚਰਨ, ਸਾਡਾ ਧਰਮ, ਸਾਰੇ ਹੀ ਬੜੇ ਉੱਤਮ ਤੇ ਸੰਪੂਰਨ ਹੋ ਗਏ ਹਨ । ਹੁਣ ਸਿਰਫ ਅੰਗ੍ਰੇਜ਼ਾਂ ਨੂੰ ਗਾਲੀਆਂ ਕੱਢਣ ਤੇ ਆਸਮਾਨ ਗੂੰਜਾਊ ਜੈਕਾਰਿਆਂ ਦੀ ਦੇਰ ਹੈ, ਦੇਸ਼ ਆਜ਼ਾਦ ਹੋਇਆ ਸਮਝੋ।

ਇਕ ਸਾਲ ਹੋ ਗਿਆ ਹੈ, ਮੈਂ ਮੱਛਰਾਂ ਦੇ ਲੜਨ ਤੋਂ ਅੱਕ ਕੇ ਅਸਤੀਫਾ ਦੇਕੇ ਘਰ ਆ ਗਿਆ ਹਾਂ । ਇਕ ਦਿਨ ਦੁਪਹਿਰ ਵੇਲੇ ਮੈਂ ਪਿੰਡ ਦੇ ਕੋਹ ਦੂਰ ਜੰਗਲ ਵਿਚ ਫਿਰਨ ਤੁਰਨ ਜਾ ਰਿਹਾ ਸਾਂ। ਅੱਚਨਚੇਤ ਵੇਖਿਆ ਕਿ ਇਕ ਕੁਟੀਆ ਦੇ ਬੂਹੇ ਅੱਗੇ ਸੋਹਣ ਬੈਠਾ ਹੋਇਆ ਹੈ । ਉਹਦੇ ਸਿਰਤੇ ਭਗਵੇਂ ਰੰਗ ਦੀ ਪਗੜੀ ਸੀ । ਵਡੇ ਵਡੇ ਵਾਲ ਤੇ ਵੱਧੀਆਂ ਹੋਈਆਂ ਮੁੱਛਾਂ, ਗਲ ਵਿਚ ਰੁਦ੍ਰਾਖਸ਼ ਦੀ ਮਾਲਾ, ਦੇਖਣ ਵਾਲਾ ਨਹੀਂ ਸੀ ਆਖ ਸਕਦਾ ਕਿ ਇਹ ਸੋਹਣ ਹੈ। ਇਹ ਕਾਸਥ ਦਾ ਮੁੰਡਾ ਇਕ ਸਾਲ ਵਿੱਚ ਹੀ ਆਪਣੀ ਜ਼ਾਤ ਗੁਆਕੇ ਪੂਰਾ ਪੂਰਾ ਸਪੇਰਾ ਬਣ ਗਿਆ ਸੀ।

ਮਨੁੱਖ ਸਦਾ ਆਪਣੀਆਂ ਪੀੜ੍ਹੀਆਂ ਦੀ ਜ਼ਾਤ ਨੂੰ ਛਡ ਕੇ ਕਿਦਾਂ ਹੋਰ ਦਾ ਹੋਰ ਬਣ ਜਾਂਦਾ ਹੈ, ਇਹ ਬੜੀ ਹੈਰਾਨੀ ਵਾਲੀ ਗਲ ਹੈ, ਤੁਸਾਂ ਕਈ ਵਾਰੀ ਸੁਣਿਆਂ ਹੋਵੇਗਾ ਕਿ ਇਕ ਬ੍ਰਾਹਮਣ ਦਾ ਮੁੰਡਾ ਚੂਹੜੇ ਦੀ ਕੁੜੀ ਨਾਲ ਵਿਆਹ ਕਰਵਾਕੇ ਚੂਹੜਾ ਬਣ ਕੇ ਚੂਹੜਿਆਂ ਵਾਲੇ ਕਰਮ ਕਰਨ ਲਗ ਪਿਆ ਹੈ । ਮੈਂ ਆਪ ਇਕ ਬ੍ਰਾਹਮਣਾਂ ਦੇ ਮੁੰਡੇ ਨੂੰ ਵੇਖਿਆ ਸੀ। ਜੋ ਕਿ ਦਸ ਜਮਾਤਾਂ ਪੜ੍ਹਕੇ ਇਕ ਮਰਾਸਣ ਪਿਛੇ ਮੁਸੱਲੀ ਹੋ ਗਿਆ ਸੀ, ਹੁਣ ਉਹ ਸਭ ਕੰਮ ਮਰਾਸੀਆਂ ਵਾਲੇ ਕਰਦਾ ਹੈ