ਪੰਨਾ:ਪਾਰਸ.pdf/51

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੫੧

ਛੋਟੀ ਚਾਚੀ ਦੇ ਮੂੰਹ ਵੱਲ ਚੋਰ ਅੱਖਾਂ ਨਾਲ ਵੇਖ ਕੇ ਅਤੁਲ ਦੇ ਅੰਦਰ ਕੁਝ ਕੁਝ ਹੋ ਰਿਹਾ ਸੀ। ਪਹਿਲਾਂ ਤਾਂ ਸੋਚਣ ਲੱਗਾ, ਕਿਧਰੇ ਭੱਜ ਹੀ ਜਾਂਵਾਂ। ਫੇਰ ਸੋਚਿਆ ਇਥੇ ਖਲੋਤਾ ਹੀ ਕਿਉਂ ਨੇ ਜੁਤੀ ਲਾਹ ਕੇ ਵਿਹੜੇ ਵਿਚ ਸੁਟ ਦਿਆਂ। ਪਰ ਭੈਣ ਦੇ ਸਾਹਮਣੇ ਆਪਣੇ ਆਪ ਨੂੰ ਡਰੂ ਜਿਹਾ ਸਾਬਤ ਕਰਨ ਵਿਚ ਉਸਨੂੰ ਸ਼ਰਮ ਜਹੀ ਆ ਰਹੀ ਸੀ। ਉਹ ਇਹ ਨਹੀਂ ਸੀ ਜਾਣਦਾ ਕਿ ਇਥੇ ਜੁਤੀ ਪਾ ਕੇ ਨਹੀਂ ਆਈ ਦਾ। ਉਹਨੇ ਜਾਣ ਬੁਝ ਕੇ ਇਹ ਕੰਮ ਨਹੀਂ ਸੀ ਕੀਤਾ। ਮਾਤਾ ਪਿਤਾ ਦਾ ਅਵਰਗੀ ਤੇ ਬੇਲੋੜ ਸਿਖਿਆ ਦੇ ਕਾਰਨ ਉਹ ਕਿਸੇ ਕੰਮ ਨੂੰ ਕਰਕੇ ਫੇਰ ਉਸ ਪਾਸੋਂ ਪਿਛੇ ਹੱਟਣਾ ਮਰਨ ਦੇ ਬਰਾਬਰ ਸਮਝਦਾ ਸੀ। ਇਹੋ ਜਿਹਾ ਅਭਿਮਾਨੀ ਸੁਭਾ ਸੀ। ਡਰ ਨਾਲ ਮੂੰਹ ਬੱਗਾ ਹੋ ਜਾਣ ਤੇ ਵੀ, ਇਹ ਜਾਣ ਕੇ ਵੀ ਕਿ ਮੇਰੀ ਇਸ ਭੁੱਲ ਦੇ ਕਾਰਨ ਚੰਗੀ ਸੇਵਾ ਹੋਵੇਗੀ, ਇਹ ਅਭਿਮਾਨੀ ਦੁਰਯੋਧਨ ਵਾਰੀ ਉਹ ਥਾਂ ਨਹੀਂ ਸੀ ਛੱਡ ਸਕਦਾ।

ਸ਼ੈਲਜਾ ਨੇ ਸਿਰ ਚੁਕਿਆ। ਉਹ ਸਨੇਹ ਨਾਲ ਮਿੱਠਾ ਜਿਹਾ ਹਾਸਾ ਹੱਸ ਕੇ ਬੋਲੀ, 'ਤੂੰ ਆ ਗਿਆ, ਠਹਿਰ ਬੇਟਾ, ਇਹ ਕੀ ? ਜੁਤੀ ਸਣੇ ! ਉਤਰ ਜਾਂ ਹੇਠਾਂ ਉਤਰ ਜਾ ’!

ਘਰ ਦਾ ਹੋਰ ਕੋਈ ਬੱਚਾ ਜੇ ਐਨੀ ਵੱਡੀ ਸ਼ੈਲਜਾ ਦੇ ਹਥੋਂ ਛੁਟਕਾਰਾ ਪਾ ਸਕਦਾ ਤਾਂ ਭੱਜ ਕੇ ਜਾਨ ਬਚਾ ਲੈਂਦਾ, ਪਰ ਅਤੁਲ ਧੋਣ ਨੀਵੀਂ ਪਾਈ ਖਲੋਤਾ ਰਿਹਾ।

ਸ਼ੈਲਜਾ ਨੇ ਉਠ ਕੇ ਆਖਿਆ, 'ਜੁਤੀ ਪਾ ਕੇ ਇਥੇ ਨਹੀਂ ਆਈ ਦਾ, ਅਤੁਲ ਥੱਲੇ ਚਲਿਆ ਜਾਹ।'