ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/11

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

 ਉਹ ਬੀਬੀ ਬੀਮਾਰ ਹੈ, ਰੂਹਾਨੀ ਬੀਮਾਰੀ ਹੈ, ਰੂਹਾਨੀ ਕਮਜ਼ੋਰੀ ਹੈ। ਡਾਕਟਰ ਦਾ ਧਰਮ 'ਤ੍ਰਾਹ ਦੇਣਾ' ਨਹੀਂ ਪਰ 'ਇਲਾਜ ਕਰਨਾ' ਹੈ, ਸੋ ਇਲਾਜ ਕਰੋ।

ਬੀਮਾਰਾਂ ਲਈ ਵੈਦ 'ਨਫਰਤ' ਨਹੀਂ ਵਰਤਦਾ, ਪਰ ਉਸ ਦੇ ਹਿਰਦੇ 'ਤਰਸ' ਉਪਜਦਾ ਹੈ। ਫੇਰ ਰੂਹਾਨੀ ਬੀਮਾਰਾਂ ਲਈ ਕਿਉਂ 'ਨਫਰਤ' ਦਾਰੂ ਹੈ ਤੇ 'ਤਰਸ' ਦਾਰੂ ਨਹੀਂ? ਸੋ ਸਾਰੇ ਵੀਰ ਤੇ ਭੈਣਾਂ ਰਲ ਕੇ ਉਸ ਨਿਰਬਲ ਭੈਣ ਲਈ ਤਰਸ ਕਰੋ ਤੇ ਆਪੋ ਆਪਣੀ ਕਮਾਈ ਦੇ ਹਿੱਸੇ ਵਿਚੋਂ ਥੋੜ੍ਹਾ ਥੋੜ੍ਹਾ ਦਾਨ ਕਰਕੇ ਉਸ ਦੀ ਰੂਹ ਵਿਚ ਤਾਕਤ ਭਰੋ।

ਮੈਂ ਆਪ ਦੀ ਯਾਂ ਉਸ ਦੇ ਪਤੀ ਦੇ ਸਹਾਰੇ ਤੋਂ ਖਿਮਾਂ ਨੂੰ ਉਲਾਂਭਾ ਨਹੀਂ ਦੇ ਰਿਹਾ, ਨਾ ਉਸ ਦਾ ਮੁੱਲ, ਘੱਟ ਪਾ ਰਿਹਾ ਹਾਂ; ਪਰ ਚਾਹੁੰਦਾ ਹਾਂ ਕਿ ਹੋਰ ਹੋਵੇ। ਗੁਰੂ ਸੁਆਰੀ ਤੈਂ ਕਿਉਂ ਨਫਰਤ ਤੇ ਡਰ ਤੋਂ ਕੰਮ ਲੀਤਾ। ਗੁਰੂ ਪਿਆਰਿਆਂ ਨੂੰ ਸਦਾ ਪਿਆਰ ਤੇ ਦਇਆ ਚਾਹੀਦੀ ਹੈ, ਉਸ ਨੇ ਪਤੀ ਅਵੱਗਯਾ ਕਰਨੇ ਵਿਚ ਭਾਰੀ ਅਪਰਾਧ ਕੀਤਾ ਹੈ। ਪਰ ਜਦ ਤੁਸਾਂ ਦੇ ਦਿਲ ਵਿਚੋਂ ਉਸ ਦੀ ਸੁਰਤ ਨੂੰ ਨਾ ਪਯਾਰ ਤੇ ਦੁਰਕਾਰ ਦੇ ਲਿਬਾਸ ਦਾ ਸਿਰੋਪਾਉ ਮਿਲੇਗਾ ਤਾਂ ਤੁਸਾਂ ਦੇ ਇਹ ਖਯਾਲ ਉਸ ਨੂੰ ਹੋਰ ਡੇਗਣਗੇ।

"ਤੂੰ ਚੰਗੀ ਹੈਂ, ਚੰਗਿਆਂ ਦਾ ਸੰਗ ਕੁਸੰਗ ਨਹੀਂ ਹੁੰਦਾ।" ਇਹ ਗੱਲ ਠੀਕ ਹੈ, ਪਰ ਗੁਰੂ ਪਿਆਰਿਓ, ਅਸੀਂ ਸੰਸਾਰ ਵਿਚ ਭੁਲਿਆਂ ਨੂੰ ਔਝੜੌਂ ਕੱਢ ਕੇ ਪਿਆਰੇ, ਅਤਿ ਪਿਆਰੇ ਗੁਰੂ ਨਾਨਕ ਦੇ ਸ਼ਬਦ ਸੋਹਿਲੇ ਨਾਲ ਸੱਦਾਂ ਤੇ ਹਾਕਰਾ ਮਾਰ ਮਾਰ ਕੇ ਰਸਤੇ ਪਾਉਣ ਆਏ ਹਾਂ।

ਸੋ ਗੁਰੂ ਦੁਲਾਰੇ ਜੀ, ਨਾ ਡਰੋ ਤੇ ਨਾ ਪਰੇ ਹੋਵੇ, ਪਿਆਰ ਕਰੋ, ਅਰਦਾਸ ਸੋਧੋ ਤੇ ਭੁੱਲੀ, ਭਟਕੀ ਔਝੜ ਪਈ ਭੈਣ ਨੂੰ ਚੰਗਿਆਈ ਦੇ ਧਿਆਨ ਨਾਲ ਹਿਰਦੇ ਵਿਚ ਲਿਆ ਕੇ ਮਤਿ ਦਿਓ ਤੇ ਕਹੋ, "ਭੁਲੀ ਭੈਣ! ਇਉਂ ਨਹੀਂ, ਪਰ ਇਉਂ।" ਬੇਸ਼ਕ ਇਹ ਖੇਚਲ ਦਾ ਕੰਮ ਹੈ, ਹੋ ਸਕਦਾ ਹੈ ਉੱਹ ਬੀਬੀ ਆਪਣੇ ਕ੍ਰੋਧ ਵਿਚ ਤੁਹਾਡਾ ਬੀ ਅਪਮਨ ਕਰੇ। ਪਰ ਤੁਸੀਂ ਅਪਮਾਨ ਝੱਲ ਕੇ ਪਿਆਰ ਕਰੋ ਤੇ ਗੁਰੂ ਨਾਨਕ ਦੀ ਓਟ ਲੈ ਕੇ ਪਿਆਰ ਕਰੋ। ਕੀਹ ਅਚਰਜ ਹੈ, ਗੁਰੂ ਉਸ ਨੂੰ ਬਚਾ ਲਵੇ। ਗੁਰੂ ਨਾਨਕ ਦੇ 'ਸਬਦ ਸੋਹਿਲੇ' ਦੇ ਅਸੀਂ ਹਲਕਾਰੇ ਹਾਂ, ਅਸਾਂ ਥਾਂ ਥਾਂ ਹੋਕਾ ਦੇਣਾ ਹੈ, ਕੀਹ ਜਾਣੀਏ ਕਿਹੜੀ ਆਤਮਾ ਬਚਨ ਵਾਲੀ ਹੈ। ਖਬਰੇ ਸਾਡੀ ਤ੍ਰਾਹੀ ਆਤਮਾਂ ਚੰਗਾ ਬਣ ਸਕੇ। ਸੋ ਨਾ ਡਰੋ:———

ਸਿਰ ਊਪਰਿ ਠਾਢਾ ਗੁਰੂ ਸੂਰਾ॥ ਨਾਨਕੇ ਤਾ ਕੈ ਕਾਰਜ ਪੂਰਾ॥

ਪਿਆਰ ਕਰੋ ਪਰ ਉਚੇ ਰਹਿ ਕੇ।

ਉਸ ਦੇ ਪਤੀ ਦੀ ਸਹਿਨ-ਸ਼ੀਲਤਾ ਤੇ ਸਹਾਰਾ ਧੰਨ ਹੈ, ਪਰ ਉਹ ਹੋਰ ਧਾਰੇ। ਸ਼ੁਕਰਾਤ ਦੀ ਵਹੁਟੀ ਬੜੀ ਲੜਾਕੀ ਸੀ। ਇਕ ਦਿਨ ਗਾਲ੍ਹਾਂ ਦੇਣ ਲਗੀ, ਆਪ ਪੜ੍ਹ ਰਹੇ ਸਨ। ਉਹ ਸ਼ਾਇਦ ਭਾਂਡੇ ਸਾਂਭ ਸਿਤਰ ਰਹੀ ਸੀ। ਜਦ ਗਾਲ੍ਹਾਂ ਦੇ ਦੇ ਕੇ ਹਾਰ ਗਈ, ਤੇ ਉਹ ਖਿਮਾ ਰੂਪ ਬੋਲੇ ਹੀ ਨਾ ਤਾਂ ਉਸ ਨੇ ਭਾਂਡਿਆਂ ਦਾ ਧੋਣ ਉਸ ਦੇ ਸਿਰ ਵਿਚ ਪਾ ਦਿਤਾ। ਤਦੋਂ ਸੁਕਰਾਤ ਨੇ ਹੱਸ ਕੇ ਐਤਨਾ ਹੀ ਆਖਿਆ, "ਸੱਚ ਹੈ ਜੋ ਗੱਜਦੇ ਹਨ ਉਹ ਵਸਦੇ ਬੀ ਹਨ" ਤੇ ਮੁਸਕਰਾ ਦਿਤਾ।

ਪਿਆਰੇ ਜੀਓ

25