ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/20

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

31-7-1912

ਪਿਆਰੇ ਜੀ,

ਘਬਰਾ ਤੇ ਕਾਹਲ ਵਿਚ ਕਦੇ ਨਹੀਂ ਪੈਣਾ, ਸਿਮਰਨ ਵਿਚ ਸਦਾ ਵਸੋ। ਜਿਥੇ ਜਲ ਹੋਵੇ ਉਥੇ ਸਾਰੀ ਤਰ੍ਹਾਂ ਦੇ ਬੂਟੇ ਪੈਦਾ ਹੋ ਜਾਂਦੇ ਹਨ, ਅਰ ਹਰ ਤਰ੍ਹਾਂ ਦੇ ਜਾਨਵਰ, ਪੰਛੀ, ਆਦਮੀ, ਸਾਧੂ ਸੰਤ ਆਉਂਦੇ ਹਨ। ਇਸੇ ਤਰ੍ਹਾਂ ਜਿਸ ਸਰੀਰ ਵਿਚ ਸਿਮਰਨ ਵਸਦਾ ਹੈ, ਉਸ ਵਿਚ ਸਾਰੇ ਗੁਣ, ਸਾਰੀਆਂ ਨੇਕੀਆਂ ਆ ਵਾਸਾ ਕਰਦੀਆਂ ਹਨ। 'ਦਮ ਖਾਲੀ ਨਾ ਜਾਏ' ਕੇਵਲ ਇਹ ਹਾਹੁਕਾ ਚਾਹੀਦਾ ਹੈ। ਬਾਕੀ 'ਹੋਊ ਪਰੋ' ਕਰ ਛੱਡੀ। ਭਰਮ, ਸੰਸਾ, ਮੋਹ, ਵੈਰ, ਭੈ, ਇਨ੍ਹਾਂ ਦਾ ਅਸਰ ਮਨ ਤੇ ਨਾ ਪੈਣ ਦਿਤਾ, ਜਿੰਨਾਂ ਇਹ ਅਸਰ ਘਟੇਗਾ ਉਨਾ ਹੀ ਨਾਮ ਹੁਲਾਰਿਆਂ ਵਿਚ ਆਵੇਗਾ। ਜਦ ਸ੍ਰੀ ਗੁਰੂ ਪੰਚਮ ਜੀ ਵਰ ਲੈ ਕੇ ਆਏ ਤਾਂ ਮਾਤਾ ਭਾਨੀ ਜੀ ਇਹੋ ਅਸੀਸ ਦਿਤੀ ਸੀ:———

ਪੂਤਾ ਮਾਤਾ ਕੀ ਆਸੀਸ॥
ਨਿਮਖ ਨ ਬਿਸਰਉ ਤੁਮ ਕਉ ਹਰਿ ਹਰਿ ਸਦਾ ਭਜਹੁ ਜਗਦੀਸ॥

ਏਹੋ ਮੂਲ ਗੱਲ ਹੈ। ਇਹੋ ਮਨ ਦੀ ਦਸ਼ਾ ਸਦਾ ਚਾਹੀਦੀ ਹੈ। ਮਨ ਹਰ ਵੇਲੇ ਸਾਂਈਂ ਲਈ ਖੁਲ੍ਹਾ ਰਹਵੇ ਤੇ ਉਸ ਦਾ ਤਰੀਕਾ ਹੈ: ਰੁਖ ਹਰ ਵੇਲੇ ਉਸ ਪਾਸੇ ਜੁੜਿਆ ਰਹੇ। ਉਸਦਾ ਤਰੀਕਾ ਹੈ: ਨਾਮ ਨਾਲ ਐਉਂ ਸਦਾ ਲਗੇ ਰਹੀਏ———

ਰੇ ਮਨ ਐਸੀ ਹਰਿ ਸਿਉ ਪ੍ਰੀਤ ਕਰਿ ਜੈਸੀ ਬੂਰ ਤਲਾ॥
ਝੋਲਿ ਪਿਛਾਹਾਂ ਸਟੀਏ ਭੀ ਗਲ ਲਗੇ ਧਾਇ॥

ਜੇ ਰੋਕਾਂ ਪੈਣ, ਮਨ ਢਹਵੇ, ਧੱਕੇ ਵੱਜਣ, ਸਗੋਂ ਭਜ ਭਜ ਕੇ ਸਿਮਰਨ ਵਿਚ ਲਗੀਏ ਤੇ ਵਾਹਿਗੁਰੂ ਦੇ ਗਲ ਚੰਬੜੀਏ। ਪਹਿਲੇ ਕੁਛ ਸਮਾਂ ਹਠ ਕਰੀਦਾ ਹੈ ਫੇਰ ਸਿਮਰਨ ਸੁਰਤ ਦੇ ਵਿਚ ਸਿੰਜਰਦਾ ਹੈ, ਤਦੋਂ ਰਸ ਪੈਦਾ ਹੁੰਦਾ ਅਰ ਮਨ ਦੀ ਦਸ਼ਾ ਰਸ ਭਰੀ ਹੋ ਜਾਂਦੀ ਹੈ। ਜਦੋਂ ਸੁਰਤ ਤੇ ਨਾਮ-ਇਕਮਿਕ ਹੋ ਜਾਂਦੇ ਹਨ, ਫੇਰ ਸਹਿਜ ਆਉਂਦਾ ਹੈ, ਅਸਲ ਦਸ਼ਾ ਇਹ ਹੈ। ਪਹਿਲੀ ਮੰਜਲ ਹਠ ਨਾਲ ਹੁੰਦੀ ਹੈ।

ਹਠ ਕੀ ਹਨ? ਰਸ ਆਵੇ ਨਾ ਆਵੇ, ਦਿਲ ਲਗੇ ਨਾ ਲਗੇ, ਮੁਸ਼ਕਲਾਂ ਪੈਣ ਚਾਹੇ ਸੋਖ ਹੋਵੇ, ਦਮ ਤੇ ਪਹਿਰਾ ਲਾ ਬੈਠੀਏ। ਦਮ ਨਾਮ ਨਾਲ ਪਰੋਂਦੇ ਕੱਢੀਏ। ਬੱਸ ਏਸ ਕਾਰੋਂ ਨਾ ਉਕੀਏ:———

ਲਗਾ ਰਹੇਂ ਤਾਂ ਲਗਾ ਰਹੁ ਹਰ ਦਮ ਕਦੀ ਨ ਡੋਲ॥
ਲਗਾ ਰਹੇਂ ਤਾਂ ਲਾਖ ਕਾ, ਹਟੇਂ ਤਾਂ ਕਉਡੀ ਮੋਲ॥

———ਵੀਰ ਸਿੰਘ

34

ਪਿਆਰੇ ਜੀਓ