ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/23

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੦

6-9-1912

ਪਿਆਰੇ ਜੀ,

ਸ੍ਵਪਨ ਦਰਸ਼ਨ ਜਦੋਂ ਸ੍ਰੀ ਵਾਹਿਗੁਰੂ ਜੀ ਬਖਸ਼ਣ ਸ਼ੁਕਰ ਕਰਨਾ ਚਾਹੀਦਾ ਹੈ। ਇਹ ਉਸ ਪਿਆਰੇ ਦੀ ਦਾਤ ਹੁੰਦੀ ਹੈ, ਇਹ ਇਕ ਅਮੋਲਕ ਖੇਡ ਹੁੰਦੀ ਹੈ ਜੋ ਯਾਦ (ਸਿਮਰਨ) ਨੂੰ ਧੱਕਾ ਦੇ ਕੇ ਅੱਗੇ ਕਰਦੀ ਹੈ। ਸੋ ਜੋ ਮਿਲੇ ਪਚਾਣਾ ਚਾਹੀਦਾ ਹੈ ਤੇ ਪਚਾਉਣ ਦਾ ਚੂਰਨ "ਸ਼ੁਕਰ" ਹੈ। ਦਰਸ਼ਨ ਅਠ ਪਹਿਰ ਹਨ ਜੋ ਸੁਰਤ ਸੁਖੀ ਹੈ ਤਾਂ, ਇਹ ਮਹਾਰਾਜ ਜੀ ਦੇ Subjective ਦਰਸ਼ਨ ਹੋ ਰਹੇ ਹਨ। ਅਰਥਾਤ ਸਾਡੇ ਸੁਆਮੀ ਜੀ ਸਾਡੀ ਆਤਮਾਂ ਵਿਚ ਆ ਕੇ ਆਤਮਾਂ ਨਾਲ ਇਸ ਤਰ੍ਹਾਂ ਮਿਲ ਰਹੇ ਹਨ ਜਿਸ ਤਰ੍ਹਾਂ ਕੱਤਣ ਵਾਲੀ ਮਾਈ ਚਰਖੇ ਨੂੰ ਜਦ ਕੱਤਦੀ ਹੈ ਤਾਂ ਚਰਖੇ ਨਾਲ ਮਿਲ ਜਾਂਦੀ ਹੈ। ਅਸੀਂ ਜਾਣਦੇ ਹਾਂ ਸਾਡੀ ਸੁਰਤ ਚੜ੍ਹ ਰਹੀ ਹੈ ਤੇ ਅਸਲ ਵਿਚ ਸੁਆਮੀ ਸਾਡੇ ਪ੍ਰੀਤਮ ਜੀ ਸੁਰਤ ਦੇ ਵਿਚ ਕਰਤਾਰ ਹੋ ਕੇ (ਫਾਇਲ ਹੋ ਕੇ) ਮਿਲੇ ਹੁੰਦੇ ਹਨ, ਇਸ ਨੂੰ ਸਾਖੀ ਮੇਲ ਯਾ ਦ੍ਰਿਸ਼ਟਾ ਮੇਲ ਕਹੀਦਾ ਹੈ। ਅੰਗਰੇਜ਼ੀ ਵਿਚ ਇਸ ਨੂੰ Subjective Union ਆਖਦੇ ਹਨ। Objective ਮੇਲ ਉਹ ਹੈ ਕਿ ਪ੍ਰੀਤਮ ਜੀ ਸਾਡੇ ਸਾਹਮਣੇ ਆ ਕੇ ਸਾਡੇ ਵਰਗੀ ਸੂਰਤ ਧਾਰ ਕੇ ਖਲੋ ਜਾਣ, ਖਾਣ, ਪੀਣ, ਸੇਵਾ, ਕਰਾਉਣ ਥਾਪੜੇ ਦੇਣ ਤੇ ਅਸੀਂ ਖੀਵੇ ਪਏ ਹੋਈਏ। ਇਹ ਦ੍ਰਿਸ਼ਟਮਾਨ ਦਰਸ਼ਨ ਹਨ। ਇਹ ਦਰਸ਼ਨ ਪ੍ਰਣਾਮੀ ਹੁੰਦੇ ਹਨ ਅਤੇ ਉਪਰਲੇ ਤੋਂ ਨੀਵੇਂ ਹਨ। ਕਿਉਂਕਿ ਅਸੀਂ ਮਫ਼ਊਲ (Objective) ਅਰਥਾਤ ਦ੍ਰਿਸ਼ਟਮਾਨ ਜਗਤ ਵਿਚ ਵੱਸਦੇ ਹਾਂ। ਸੋ ਇਹ ਦਰਸ਼ਨ ਸਾਨੂੰ ਭਾਸਦੇ ਤੇ ਚੰਗੇ ਲਗਦੇ ਹਨ ਤੇ ਉਪਰ ਕਹੇ ਦਰਸ਼ਨ, ਦਰਸ਼ਨ ਨਹੀਂ ਭਾਸਦੇ, ਪਰ ਸਾਨੂੰ ਸੁਰਤ ਸੁਖੀ ਲਗਦੀ ਹੈ। ਇਹ ਜਰਾ ਕੁ ਬਰੀਕ ਵਿਸ਼ਾ ਹੈ, ਖਿਆਲ ਨਾਲ ਸਮਝੇ ਪੈਂਦਾ ਹੈ। ਕਦੇ ਗੁਰੂ ਚਾਹੇ ਤੇ ਕਦੇ ਸਿਖ ਚਾਹੇ, ਇਹ ਸਾਰਾ ਖੇਲ ਸਾਡੇ ਮਾਲਕ ਦੇ ਹੱਥ ਹੈ, ਦਾਤਾ ਤੇ ਸਾਹਿਬ ਦੇ ਹੱਥ ਹੈ, ਜਦੋਂ ਚਾਹੇ ਦੇਂਦਾ ਹੈ। ਸ਼ੁਕਰ ਕਰੀਏ। ਉਸ ਦੀ ਦਾਤ ਦੇ ਸਦਾ ਉਡੀਕਵਾਨ ਰਹੀਏ। ਜਦੋਂ ਬਖਸ਼ੇ ਸੁਕਰ ਕਰੀਏ। ਦਾਤਾ ਦੇ ਦੁਆਰੇ ਦੀ ਉਡੀਕ ਸੁਖਾਂ ਦਾ ਸ਼ਰੋਮਣੀ ਸੁਖ ਹੈ।

ਗੁਰੂ ਨਾਨਕ ਦੇਵ ਆਪ ਸਭ ਤੇ ਮਿਹਰ ਕਰੇ, ਧੰਨ ਗੁਰਦੇਵ, ਨਿੰਦਕਾਂ ਦਾ ਦਾਰੂ ਇਹ ਹੈ:———

ਫਰੀਦਾ ਇਹੁ ਤਨੁ ਭਉਕਣਾ ਨਿਤ ਨਿਤ ਦੁਖੀਐ ਕਉਣੁ।
ਕੰਨੀ ਬੁਜੇ ਦੇ ਰਹਾਂ ਕਿਤੀ ਵਗੈ ਪਉਣੁ॥ ੮੮॥(ਸਲੋਕ ਫਰੀਦ)

———ਵੀਰ ਸਿੰਘ

ਪਿਆਰੇ ਜੀਓ

37