ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/24

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੧

6-9-1912

ਪਿਆਰੇ ਜੀ,

ਪ੍ਰੀਤਮ ਜੀ ਦੀ ਪ੍ਰੀਤ ਹੀ ਸਾਨੂੰ ਤਾਰ ਸਕਦੀ ਹੈ। ਸਾਧਨਾਂ ਨਾਲ ਤਾਂ ਅਸਿਧ ਵਸਤੂ ਸਾਧੀ ਜਾ ਸਕਦੀ ਹੈ; ਜੋ ਸਦਾ ਸਾਧੀ ਹੋਈ ਹੈ, ਉਸ ਦਾ ਸਾਧਨ ਕੀ ਸਾਰਦੇ ਹਨ? ਇਹ ਤਾ ਨਵਾਂ ਜਨਮ ਹੈ, ਨਵੀਂ ਜ਼ਿੰਦਗੀ ਹੈ। ਜੜ੍ਹ ਵਸਤਾਂ ਜਦ ਜਾਨ ਲੋਚਣ ਤਾਂ ਜਾਨ ਵਾਲੇ ਬ੍ਰਿਛ ਬੂਟੇ ਉਨ੍ਹਾਂ ਨੂੰ ਸੁਰਜੀਤ ਕਰ ਕੇ ਮੁਰਦਾ ਤੋਂ ਜ਼ਿੰਦਾ ਕਰ ਦਿੰਦੇ ਹਨ। ਉਨ੍ਹਾਂ ਦਾ ਨਵਾਂ ਜਨਮ ਹੁੰਦਾ ਹੈ। ਤੀਕੂੰ ਹੀ ਆਤਮ ਜੀਵਨ ਵਾਲੇ ਸਤਿਗੁਰ ਨਾਨਕ ਦੇਵ ਜਦ ਸਾਨੂੰ ਆਤਮ ਜੀਵਨ ਵਲ ਮੁਰਦਿਆਂ ਨੂੰ ਖਿੱਚਦੇ ਹਨ ਤਾਂ ਆਤਮ ਜੀਵਨ ਵਿਚ ਨਵਾਂ ਜੀਵਨ ਦਿੰਦੇ ਹਨ, ਏਸੇ ਕਰ ਕੇ ਆਖਿਆ ਹੈ:———

ਸਤਿਗੁਰ ਕੈ ਜਨਮੇ ਗਵਨੁ ਮਿਟਾਇਆ।

ਇਹ ਨਵਾਂ ਜਨਮ ਹੁਣ ਸਾਡੇ ਵਸ ਤਾਂ ਨਹੀਂ, ਅਸੀਂ ਠਹਿਰੇ ਮੁਰਦੇ। ਮੁਰਦੇ ਆਪਣੇ ਆਪ ਨੂੰ ਜੀਵਨ ਵਿਚ ਕੀਕੂੰ ਲੈ ਜਾਣ। ਸਦਾ ਜੀਊਂਦਾ ਸਤਿਗੁਰ, ਪਿਆਰਾ ਸਤਿਗੁਰ ਨਾਨਕ ਸਾਨੂੰ ਨਵਾਂ ਜਨਮ ਬਖਸ਼ੇ ਅਸੀਂ ਉਸ ਦੇ ਗ੍ਰਹਿ ਜਨਮੀਏ। ਆਤਮ ਜੀਵਨ ਦਾ ਨਵਾਂ ਜਾਮਾ ਮਿਲੇ। ਫੇਰ ਅੱਠੇ ਪਹਿਰ ਦਾ ਸਿਮਰਨ, ਧਿਆਨ ਆਦਿ ਸਾਮਾਨ ਉਸ ਜੀਵਨ ਨੂੰ ਜਲ ਭੋਜਨ ਸਮਾਨ ਪਾਲਣਾ ਕਰਨ ਅਰ ਸਨੇ ਸਨੇ ਉਹ ਜੀਵਨ ਮੋਲ ਪਵੇ:———

ਦਾਤੀ ਸਾਹਿਬ ਸੰਦੀਆ ਕਿਆ ਚਲੈ ਤਿਸੁ ਨਾਲਿ॥
ਇਕ ਜਾਗੰਦੇ ਨਾ ਲਹੰਨਿ ਇਕਨਾ ਸੁਤਿਆ ਦੇਇ ਉਠਾਲਿ॥

ਟੇਕ ਤਾਂ ਕੇਵਲ ਉਸ ਪਿਆਰੇ ਦੀ ਮਿਹਰ ਤੇ ਹੈ। ਜੇ ਮਿਹਰ ਕਰੇ ਤਾਂ ਤਾਰ ਲਵੇ। ਇਹ ਦਾਨ ਕਰੇ ਕਿ ਝੋਲੀ ਅੱਡੀ ਰਹੇ, ਆਸ਼ਾ ਬੱਝੀ ਰਹੇ, ਦੁਆਰਿਉਂ ਪਰੇ ਨਾ ਜਾਈਏ। ਏਹੋ ਲਿਵ ਲਗੀ ਰਹੇ ਕਿ ਦਾਤਾ ਬੜਾ ਕ੍ਰਿਪਾਲ ਹੈ, ਦਾਤ ਆਈ ਕਿ ਆਈ, ਦਾਤਾ ਦੇ ਰਿਹਾ ਹੈ।

———ਵੀਰ ਸਿੰਘ

38

ਪਿਆਰੇ ਜੀਓ