ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/26

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੩

20-1-1913

ਪਿਆਰੇ ਜੀ,

ਇਸ ਜੀਵ ਦੇ ਕੰਮ ਇਕੋ ਗੱਲ ਆਉਂਦੀ ਹੈ ਅਰ ਉਹ ਅਕਾਲ ਪੁਰਖ ਦੇ ਚਰਨਾਂ ਦਾ ਪ੍ਰੇਮ ਹੈ। 'ਪ੍ਰੇਮ' ਸਿਮਰਨ ਤੇ ਉਸ ਦੇ ਧਿਆਨ ਨਾਲ ਲਗਦਾ ਹੈ। ਮਾਲਕ ਨੂੰ ਚੇਤੇ ਕਰਦੇ ਰਹੀਏ, ਇਹ "ਸਿਮਰਨ" ਹੈ। ਚਾਹੇ ਨਾਮ ਜਪ ਕੇ ਕਰੀਏ, ਚਾਹੇ ਬਾਣੀ ਪੜ੍ਹ ਕੇ ਕਰੀਏ ਤੇ ਚਾਹੇ ਕੀਰਤਨ ਕਰਕੇ ਯਾ ਸੁਣ ਕੇ।

"ਧਿਆਨ" ਇਸ ਦਾ ਨਾਮ ਹੈ ਕਿ ਮਨ ਆਪਣੇ ਸੰਕਲਪਾਂ, ਵਿਕਲਪਾਂ, ਮਨੋਰਾਜਾਂ ਤੇ ਅਨਹੋਣੀਆਂ ਉਧੇੜਬੁਣਾਂ ਵਿਚ ਖਚਿਤ ਨਾ ਹੋਵੇ, ਪਰ ਖਿਆਲ ਮੋੜ ਮੋੜ ਕੇ ਪਰਮੇਸ਼ਰ ਜੀ ਦੇ ਵੱਲ ਰਖੇ। ਜਦ ਪੱਕਦਾ ਪੱਕਦਾ ਸਾਵਧਾਨਤਾ ਨਾਲ ਪਿਆਰ ਨਿਰੰਤਰ ਉਸ ਪਾਸੇ ਵਲ ਰਹਿਣ ਲਗ ਜਾਂਦਾ ਹੈ ਤਾਂ ਉਸ ਨੂੰ 'ਧਿਆਨ' ਕਹੀਦਾ ਹੈ।

ਇਸ ਦੇ ਪਕਾਉਣ ਲਈ ਪਹਿਲੇ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਲ ਲਿਵ ਲਾਇਆਂ, ਸ਼ੀਘਰ ਕੰਮ ਸੌਰਦਾ ਹੈ। ਬਾਕੀ ਕੰਮ ਫੇਰ ਸੁਰਤ ਨੂੰ ਅਲਿਪਤ ਰੱਖਣਾ ਹੈ। ਦੇਹ ਤਾਂ ਗ੍ਰਹਿਸਤ ਆਸ਼ਰਮ ਵਿਚ ਵੱਸੇ ਤੇ ਪਵਿੱਤਰ ਰਹਿ ਕੇ ਫਰਜ਼ ਨਿਭਾਏ, ਪਰ ਸੁਰਤਿ ਅਲਿਪਤ ਰਹੇ: "ਸਾਚਿ ਨਾਮੁ ਮੇਰਾ ਮਨੁ ਲਾਗਾ॥ ਲੋਗਨ ਸਿਉ ਮੇਰਾ ਠਾਠਾ ਬਾਗਾ॥" ਇਹ ਕਾਰ ਹੈ, ਜਿੰਨੀ ਕਰੀ ਚਲੀਏ ਉਨ੍ਹਾਂ ਸੁਖ ਹੈ। ਇਸ ਦੇ ਕਰਨਹਾਰੇ ਗੁਰੂ ਜੀ ਦੇ ਸਤਿਸੰਗੀ ਹਨ ਅਰ ਬਖਸ਼ੇ ਜਾਂਦੇ ਹਨ। ਬੱਸ ਇਹੀ ਕੁਛ ਕਰੀ ਚਲੋ, ਸਤਿਗੁਰੂ ਸਿਰ ਤੇ ਹੈ, ਆਪਣਿਆਂ ਨੂੰ ਛੋੜਦਾ ਨਹੀਂ। ਆਪਣੇ ਭਾਵੇਂ ਭੱਜੀ ਫਿਰਨ ਤੇ ਖੇਡਾਂ ਵਿਚ ਰੁੜ੍ਹਣ ਪਰ "ਸਿਰ ਊਪਰਿ ਠਾਢਾ ਗੁਰੁ ਸੂਰਾ" ਪਿੱਛਾ ਨਹੀਂ ਛੋੜਦਾ, ਨਾਮ ਰੰਗ ਵਿਚ ਡੋਬਾ ਦੇ ਕੇ ਹੀ ਛੋੜਦਾ ਹੈ। ਸੋ ਅੰਮ੍ਰਿਤ ਛਕ ਕੇ ਮਾਣ ਧਾਰਿਆ ਕਰੋ ਕਿ ਸਾਡੇ ਸਿਰ ਤੇ ਕਲਗੀਆਂ ਵਾਲਾ ਬਾਪੂ ਖੜਾ ਹੈ, ਅਰ ਪਿਆਰ ਕਰਦਾ ਹੈ ਤੇ ਨਾਮ ਜਪਾਂਵਦਾ ਹੈ, ਸਾਨੂੰ ਕੀ ਡਰ ਹੈ।

———ਵੀਰ ਸਿੰਘ

40

ਪਿਆਰੇ ਜੀਓ