ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੧੯

29-10-1913

ਪਿਆਰੇ ਜੀ,

ਗੁਰੂ ਨਾਨਕ ਪ੍ਰੇਮ ਇਕ ਐਸੀ ਕਾਂਗ ਭਰੀ ਲਹਿਰ ਹੈ ਕਿ ਜੋ ਸਾਰੇ ਹਦ ਬੰਨੇ ਭਨਾ ਕੱਢਦੀ ਹੈ। ਇਸ ਕਰਕੇ ਮੇਰੋ ਚਿਤੋਂ ਰੋਕਦੇ ਰੋਕਦੇ ਮੱਲੋਮੱਲੀ ਇਹ ਗੱਲ ਲਿਖੀਦੀ ਹੈ ਕਿ 'ਨਾਮ' ਦੀ ਰੌ ਜਾਰੀ ਰਹੇ। ਸੰਸਾਰ ਦੀਆਂ ਸਾਰੀਆਂ ਗੱਲਾਂ ਤਮਾਸ਼ਾ ਹਨ ਤੇ ਸਾਰੇ ਪਰਮਾਰਥ ਦੇ ਸਾਧਨ ਫੋਕਟ ਹਨ। ਇਕ ਨਾਮ 'ਸਚ' ਹੈ।

ਅਬ ਕਲੂ ਆਇਓ ਰੇ। ਇਕੁ ਨਾਮੁ ਬੋਵਹੁ ਬੋਵਹੁ॥
ਅਨ ਰੂਤਿ ਨਾਹੀ ਨਾਹੀ॥ ਮਤੁ ਭਰਮਿ ਭੂਲਹੁ ਭੂਲਹੁ॥(ਬਸੰਤ ਮ:5-18)

ਇਕ ਨਾਮ ਫਲਦਾ ਹੈ, ਨਾਮ ਨਾਲ ਜਾਂਦਾ ਹੈ, ਨਾਮ ਛੁਡਾਂਦਾ ਹੈ ਤੇ ਨਾਮ ਤਾਰਦਾ ਹੈ।

ਨਾਮ ਬਿਨਾ ਧ੍ਰਿਗੁ ਧ੍ਰਿਗੁ ਜੀਵਾਇਆ।(ਆਸਾ ਮਹਲਾ ੪-੫੬)

ਇਹ ਇਕ ਨੁਕਤਾ ਹੈ ਜਿਸ ਨੂੰ ਚੰਬੜਿਆਂ ਸਾਈਂ ਨਾਲ ਮਿਲ ਜਾਈਦਾ ਹੈ। ਨਾਮ ਜਪੀਦਾ ਹੈ, ਜੀਭ ਨਾਲ ਜਪੀਦਾ ਹੈ। ਅਰ ਮਨ ਨਾਲ ਜਪੀਦਾ ਹੈ, ਜਪਦਿਆਂ ਇਹ ਸੁਰਤ ਵਿਚ ਰਚ ਜਾਂਦਾ ਹੈ। ਤਦੋਂ ਮੈਲ ਉਤਰਦੀ ਹੈ ਰਸ ਪੈਂਦਾ ਹੈ। ਤੁਸੀਂ ਜਪਦੇ ਤਾਂ ਹੋ, ਪਰ ਹੋਰ ਜਪੋ, ਗੁਰੂ ਨਾਨਕ ਚਰਨਾਂ ਨੂੰ ਨੇੜੇ ਜਾਣ ਕੇ, ਗੁਰੂ ਨੂੰ ਕੋਲ ਬੈਠਾ ਜਾਣ ਕੇ ਉਸ ਨੂੰ ਸੁਣਾ ਕੇ ਜਪੋ, ਅਰ ਲਗਾਤਾਰ ਜਪੋ।

ਊਠਤ ਬੈਠਤ ਸੋਵਤ ਨਾਮ॥ ਕਹੁ ਨਾਨਕ ਜਨ ਸਦ ਕਾਮ॥
(ਸੁਖਮਨੀ 17-6)

ਸਤਿਗੁਰ ਜੀ ਲਿਖਦੇ ਹਨ:

ਜੋ ਜੋ ਜਪੈ ਤਾਕੀ ਗਤ ਹੋਇ। ਪ੍ਰਧਾਨ ਪੁਰਖ ਪ੍ਰਗਟ ਸਭ ਲੋਇ॥

ਇਹ ਹਰਫ ਕੇਵਲ ਚੇਤਾਵਨ ਮਾਤਰ ਹਨ। ਸਾਧ ਸੰਗਤ ਵਿਚ ਪਰਸਪਰ ਚੇਤਾ ਕਰਾਣਾ ਤੇ ਇਕ ਦੂਜੇ ਨੂੰ ਹਲਾਸ਼ੇਰੀ ਦੇਣੀ ਇਹ ਹੀ ਪਿਆਰ ਹੈ ।

ਗੁਰੂ ਮੇਹਰ ਕਰੇ।

———ਵੀਰ ਸਿੰਘ

48

ਪਿਆਰੇ ਜੀਓ