ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/35

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੦

14-1-1914

ਪਿਆਰੇ ਜੀ,

ਚਿਤ ਦੀ ਦਿਸ਼ਾ ਬਾਬਤ ਜੋ ਕੁਝ ਲਿਖਦੇ ਹੋ, ਇਹ ਸੁਰਤਾਂ ਦੇ ਸਬਕ ਹਨ, ਜਨਮਾਂ ਵਿਚ ਪੱਕਦੇ ਹਨ। ਇਹ ਰੱਬ ਦੇ ਨਾਮ ਦਾ ਸਬਕ, ਇਕ ਚਾਰ ਹਰਫਾ ਲਫ਼ਜ਼ "ਵਾਹਿਗੁਰੂ" ਜਨਮਾਂ ਵਿਚ ਪੱਕਦਾ ਹੈ। ਇਸ ਦੇ ਪਕਾਉਣ ਵਾਸਤੇ ਨਿਰੰਤਰ ਲਗੇ ਰਹਿਣਾ ਹੀ, 'ਜਪ' ਹੀ; ਸਾਧਨ ਹੈ। ਜਦੋਂ ਇਸ ਵਿਚ ਲਿਵ ਲਗ ਗਈ, ਹਰਫ਼ ਪੱਕ ਗਿਆ।

"ਨਾਮ ਤੁਲਿ ਕਛੁ ਅਵਰੁ ਨ ਹੋਇ॥"

ਗੁਰਬਾਣੀ ਇਹ ਦੁਹਾਈ ਦੇਂਦੀ ਹੈ, ਕਿ ਨਾਮ ਜਪੋ, ਸਿਮਰਨ ਕਰੋ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ, ਇਹ ਹੁਕਮ ਪੂਰੇ ਤੌਰ ਤੇ ਮੰਨਣਾ ਚਾਹੀਏ। ਗ੍ਰਿਹਮਤੀਆਂ ਨੂੰ ਅਨੇਕ ਪੁਆੜਿਆਂ ਕਰਕੇ ਰਸ ਵਿਚ ਭੰਗ ਪੈ ਜਾਂਦਾ ਹੈ, ਪਰ ਉਸ ਦਾ ਕਾਰਣ ਸਤਿਗੁਰ ਦੀਆਂ ਮਿਹਰਾਂ ਦੀ ਕਸਰ ਨਹੀਂ ਹੁੰਦੀ। ਉਸ ਦਾ ਕਾਰਣ ਆਪਣੇ ਉਲਝਾ ਹੁੰਦੇ ਹਨ। ਜੇ ਤਾਂ ਗੁਰੂ ਨਾਨਕ ਦੇਵ ਜੀ ਨੂੰ ਸਭ ਤੋਂ ਵਧੀਕ ਚੰਗਾ ਜਾਣਦੇ ਰਹੀਏ, ਤਦ ਚਿੱਤ ਉਨ੍ਹਾਂ ਨਾਲ ਰਗੜ ਖਾਂਦਾ ਰਹਿੰਦਾ ਹੈ ਤੇ ਰਸ ਨਹੀਂ ਟੁੱਟਦਾ। ਜਦ ਚਿੱਤ ਕਿਸੇ ਹੋਰ ਨੂੰ ਚੰਗਾ ਜਾਣਦਾ ਹੈ ਯਾ ਕਿਸੇ ਨਾਲ ਵੈਰ ਰਗੜ ਖਾਂਦਾ ਯਾ ਕਿਸੇ ਦਾ ਭੈ ਖਾ ਜਾਂਦਾ ਹੈ, ਯਾ ਕਿਸੇ ਸੋਚ ਵਿਚ ਪੈ ਜਾਂਦਾ ਹੈ ਤਦ ਉਸ ਚੀਜ਼ ਦਾ ਰੂਪ ਹੋ ਜਾਂਦਾ ਹੈ ਜਿਸ ਨਾਲ ਲਗਦਾ ਹੈ, ਫੇਰ 'ਵਾਹਿਗੁਰੂ' ਰਸ ਕਿਥੇ?

———ਵੀਰ ਸਿੰਘ

ਪਿਆਰੇ ਜੀਓ

49