ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/39

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੨੪

22-2-1915

ਪਵਿੱਤਰ ਆਤਮਾ ਜੀਓ,

'ਦਮ' (ਸੁਆਸ) ਐਵੇਂ ਨਹੀਂ ਆਂਵਦੇ; ਦਮ ਰਤਨ ਜਵਾਹਰ ਹਨ। ਮੁੰਡੇ ਠੀਕਰੀਆਂ ਨਾਲ ਖੇਡਦੇ ਹਨ, ਫੇਰ ਠੀਕਰੀਆਂ ਸੁੱਟ ਕੇ ਘਰ ਆ ਜਾਂਦੇ ਹਨ। ਠੀਕਰੀਆਂ ਸੁੱਟਣ ਦਾ ਜਿੰਨਾ ਕੁ ਦੁੱਖ ਮੰਨਦੇ ਹਨ, ਉਨਾ ਕੁ ਦੁਖ ਅਸੀਂ ਦਮਾਂ ਦੇ ਬਿਰਥਾ ਜਾਣ ਦਾ ਮੰਨਦੇ ਹਾਂ, ਸੋ ਸਾਡੇ ਲਈ ਦਮ ਠੀਕਰੀਆਂ ਸਮਾਨ ਹਨ। ਪਰ ਹਰ 'ਦਮ' ਹੀਰੇ ਲਾਲਾਂ ਦੇ ਤੁੱਲ ਹੈ। ਹੀਰਾ ਗੁਆਚੇ ਤਾਂ ਕਿੰਨੀ ਕੁ ਪੀੜ ਹੁੰਦੀ ਹੈ? ਠੀਕਰੀਆਂ ਵਾਂਙੂ ਲਾਲ ਕਿਸੇ ਨਾ ਗਵਾਏ।

ਇਸ ਵਿਚ ਸੁਰਤ ਲਾਲਾਂ ਦਾ ਵਣਜ ਕਰ ਸਕਦੀ ਹੈ, ਇਸ ਵਿਚ ਲਾਲ ਜਵਾਹਰ ਹਨ, ਪਰ ਅਸੀਂ ਇਸ ਨਾਲ ਠੀਕਰੀਆਂ ਦਾ ਵਣਜ ਕਰਦੇ ਹਾਂ: "ਮਤਿ ਵਿਚਿ ਰਤਨ ਜਵਾਹਰ ਮਾਣਿਕ ਜੇ ਇਕ ਗੁਰ ਕੀ ਸਿਖ ਸੁਣੀ" ਤੇ ਉਹ ਸਿੱਖ ਕੀਹ ਹੈ? "ਸਭਨਾ ਜੀਆ ਕਾ ਇਕੁ ਦਾਤਾ, ਸੋ ਮੈ ਵਿਸਰਿ ਨ ਜਾਈ"। ਮਰਨਾਊਂ ਆਦਮੀ ਲੱਖਾਂ ਕਰੋੜਾਂ ਹੀਰੇ ਦੇ ਕੇ ਜੋ ਇਕ ਦਮ ਦਾ ਜੀਵਨ ਮੰਗੇ ਤਾਂ ਇਕ ਦਮ ਬੀ ਹੋਰ ਨਹੀਂ ਲੱਝਦਾ। ਹੁਣ ਉਹ ਦਮ ਐਵੇਂ ਜਾ ਰਹੇ ਹਨ ਐਵੇਂ ਨਾ ਗੁਆਓ ਬਾਬਾ, ਦਮਾਂ ਨੂੰ ਦੰਮਾਂ ਦੀਆਂ ਬੋਰੀਆਂ ਵਾਂਙੂ ਸਫ਼ਲ ਬਿਤਾਓ।

———ਵੀਰ ਸਿੰਘ

ਪਿਆਰੇ ਜੀਓ

53