ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/59

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

੩੬

4-11-09

ਸਤਿਕਾਰ ਯੋਗ ਪਵਿਤ੍ਰਾਤਮਾ ਜੀ,

ਪਿਆਰੇ ਡਾਕਟਰ ਦੀਵਾਨ ਸਿੰਘ ਜੀ ਨੇ ਖਬਰ ਦਿਤੀ ਹੈ ਕਿ ਆਪ ਦੇ ਪਿਆਰੇ ਵੀਰਾਂ ਦੇ ਮੰਡਲ ਵਿਚੋਂ ਇਕ ਪਿਆਰੇ 'ਆਪ ਤੋਂ' ਵਿਛੁੜ ਗਏ ਹਨ। ਆਮ ਰਿਵਾਜ਼ ਸਾਡੇ ਸੁਭਾਵ ਤੇ ਮੋਹ ਮਾਯਾ ਦੇ ਬੰਧਨਾਂ ਕਰਕੇ ਕੁਦਰਤੀ ਗੱਲ ਹੈ ਕਿ ਆਪ ਦਾ ਪਵਿਤ੍ਰ ਹਿਰਦਾ ਡੋਲ ਰਿਹਾ ਹੋਵੇ ਅਤੇ ਇਹ ਵਿਛੋੜਾ ਆਪ ਨੂੰ ਵਾਹਿਗੁਰੂ ਦੇ ਨੇੜੇ ਕਰਨ ਦੀ ਥਾਂ ਕੁਛ ਵਧੀਕ ਵਿਥ ਤੇ ਛੱਡ ਜਾਵੇ। ਜੇ ਇਸ ਦਾ ਫਲ ਨਿਕਲੇ ਤਦ ਸਚ ਮੁਚ ਏਹ ਵਿਛੋੜਾ ਭਾਰਾ ਦੁਖਦਾਈ ਹੋਵੇਗਾ।

ਪਰ ਐਸੀ ਆਸ ਨਹੀਂ ਕਰਨੀ ਚਾਹੀਦੀ, ਜੋ ਕੁਛ ਮਰਦਾ ਕਹੀਦਾ ਹੈ ਉਹ ਮਰਦਾ ਨਹੀਂ ਹੈ, ਉਹ ਆਪਣੀ ਤ੍ਰਕੀ ਦੀ ਸੜਕ ਤੇ ਤੁਰਦਾ ਤੁਰਤਾ ਅਟਕ ਜਾਂਦਾ ਤੇ ਕਿਸੇ ਲੁਕਵੀਂ ਥਾਂ ਸੌਂ ਜਾਂਦਾ ਹੈ ਤੇ ਜਾਗ ਕੇ ਫੇਰ ਟੁਰ ਪੈਂਦਾ ਹੈ।

ਕਹੁ ਨਾਨਕ ਗੁਰਿ ਬ੍ਰਹਮੁ ਦਿਖਾਇਆ।
ਮਰਤਾ ਜਾਤਾ ਨਦਰਿ ਨ ਆਇਆ।

ਏਹ ਸਰੀਰ ਵਾਹਿਗੁਰੂ ਨੇ ਮਰਨ ਲਈ ਨਹੀਂ ਬਨਾਇਆ ਸੀ ਕਿਉਂਕਿ ਉਹਨਾਂ ਦੇ ਸੁਭਾਵ ਵਿਚ ਮੌਤ ਨਹੀਂ ਹੈ। ਉਹ ਨਹੀਂ ਚਾਹੁੰਦੇ ਕਿ ਅਸੀਂ ਮਰੀਏ।

ਗੁਰੂ ਜੀ ਆਖਦੇ ਹਨ:———

ਸਦਾ ਰਹੈ ਕੰਚਨ ਸੀ ਕਾਇਆ ਕਾਲ ਨ ਕਬਹੂੰ ਬਿਆਪੈ॥ (ਪਾ: 10}

ਪਰ ਅਸੀਂ ਆਪ ਮਰਨ ਨਾਲ ਮੋਹ ਪਾਇਆ ਹੋਯਾ ਹੈ: ਅਸੀਂ ਹਰ ਘੜੀ ਆਪਣੇ ਆਪ ਨੂੰ ਮਾਰ ਰਹੇ ਹਾਂ। ਚਿੰਤਾ ਕਰਨੀ, ਕੁੜ੍ਹਨਾ, ਭਰਮਾਂ ਵਿਚ ਰੁੜ੍ਹਨਾ ਹੈ, ਭੈ ਵਿਚ ਤੌਖਲੇ ਕਰਦੇ ਰਹਣੇ ਏਹ ਕਹੀਆਂ ਤੇ ਕੁਦਾਲ਼ ਹਨ: ਜੋ ਸਾਡੇ ਸਰੀਰ ਨੂੰ ਘਸਾ ਰਹੇ ਹਨ। ਏਹ ਗੱਲ ਬੀ ਨਹੀਂ ਕਿ ਅਸੀਂ ਮਰਖਾਂ ਵਾਂਙੁ ਟੱਪਦੇ ਰਹੀਏ; ਪਰ ਗੱਲ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਪਛਾਣੀਏ, ਆਪਣੇ ਖਲ ਦੇ ਜਾਣੁ ਹੋਵੀਏ। ਇਸ ਕਾਂਇਆ ਦੇ ਅੰਦਰ ਅੰਮ੍ਰਿਤ ਦਾ ਸੋਮਾ ਹੈ; ਉਸ ਨੂੰ ਭਾਲ ਲਵੀਏ ਤੇ ਰਜ ਰਜ ਕੇ ਪੀਵੀਏ: ਜੋ ਮੌਤ ਸਾਨੂੰ ਮਾਰਨੋ ਹਟ ਜਾਵੇ। ਤੇ ਜੀਵਨ ਦੀ ਤ੍ਰਿਸ਼ਨਾ ਸਾਨੂੰ ਗਰਭ ਜੋਨਿ ਦੇ ਕਲੇਸ਼ ਵਿਚ ਨਾ ਪਾ ਸਕੇ। ਸ੍ਰੀ ਗੁਰੂ ਗ੍ਰੰਥ ਸਾਹਿਬ ਫੁਰਮਾਉਂਦੇ ਹਨ:———

ਪਿਆਰੇ ਜੀਓ

73