ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/68

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੪੧

4-11-09

ਪਿਆਰੇ ਜੀ,

ਆਪ ਸਭ ਕੁਛ ਸਮਝਦੇ ਹੋ, ਮੇਰਾ ਲਿਖਣਾ ਕੇਵਲ ਚੇਤਾ ਕਰਾਣ ਲਈ ਹੈ ।

ਦੁਖ ਪਏ ਤੇ ਅਪਣੀ ਸੁਖ ਭਰੀ ਸ਼ਾਹਨਸ਼ਾਹੀ ਦਾ ਚੇਤਾ ਕਰਾਉਣਾ ਸੱਜਣਾਂ ਦਾ ਧਰਮ ਹੁੰਦਾ ਹੈ ।

ਅਸੀਂ ਸਾਰੇ ਕਲਗੀਧਰ ਦੇ ਦੁਲਾਰੇ ਹਾਂ, ਅਰ ਉਸ ਦੇ ਦੁਲਾਰਿਆਂ ਦੇ ਗੁਣ ਪੈਦਾ ਕਰਨੇ ਏਹ ਸਾਡਾ ਧਰਮ ਹੈ । ਦੁੱਖਾਂ ਕਲੇਸ਼ ਦਾ ਛੁਟਕਾਰਾ ਗੁਰੂਆਂ ਦੀ ਆਰਾਧਨਾ ਵਿਚ ਹੈ । ਸਾਰੇ ਰੋਗਾਂ ਤੇ ਦੁਖਾਂ ਦਾ ਕਾਰਣ ਭੈਯ ਤੇ ਭਰਮ ਹਨ । ਗੁਰੂ ਜੀ ਸੁਖਮਨੀ ਦੇ ਪਾਠ ਦਾ ਮਹਾਤਮ ਏਹ ਦਸਦੇ ਹਨ :

"ਦੂਖ ਰੋਗ ਬਿਨਸੇ ਭੈ ਭਰਮ ॥"

ਭੈ ਤੇ ਭਰਮ ਦੋ ਕਾਰਣ ਹਨ, ਜਿਨ੍ਹਾਂ ਦਾ ਫਲ ਦੁਖ ਤੇ ਰੋਗ ਹਨ । ਸੋ ਜੋ ਪਿਆਰੇ ਸਤਿਗੁਰੂ ਦੀ ਬਾਣੀ ਨਾਲ ਪਿਆਰ ਤੇ ਉਸ ਦਾ ਵੀਚਾਰ ਕਰਦਾ ਹੈ, ਉਸਦੇ ਭੈ ਤੇ ਭਰਮ ਦੂਰ ਹੋ ਜਾਂਦੇ ਹਨ । ਭੈ ਤੇ ਭਰਮ ਦੇ ਨਾਸ਼ ਹੋਯਾਂ ਦੂਖ ਰੋਗ ਦਾ ਮੁਸ਼ਕ ਨਹੀਂ ਰਹਿੰਦਾ । ਵਾਹਿਗੁਰੂ ਆਪਦੇ ਅੰਗ-ਸੰਗ ਹੈ ਅਤੇ ਓਹ ਆਪਣੇ ਦਰੋਂ-ਘਰੋਂ ਆਪ ਨੂੰ ਭੈ ਭਰਮ ਤੋਂ ਦੂਰ ਰਖੋ ਅਤੇ ਆਪ ਵਿਚ ਸਿਦਕ ਤੇ ਭਰੋਸਾ ਦਾਨ ਕਰਕੇ ਚੜ੍ਹਦੀਆਂ ਕਲਾਂ ਵਿਚ ਰਖੇ ।

"ਅਸਥਿਰੁ ਚੀਤੁ ਸਮਾਧਿ ਸਗੋਨੀ ॥"

ਸਦਾ ਬਨੀ ਰਹੇ ।

ਪਿਆਰੇ ਵੀਰ ਦਾ ਵਿਛੋੜਾ ਸਾਨੂੰ ਵਧੀਕ ਨੇਕ ਦਿਆਲੂ ਤੇ ਪਰਮੇਸ਼ੁਰ ਨਾਲ ਪਿਆਰ ਕਰਨ ਵਾਲਾ ਬਨਾਵੇ, ਅਰ ਸਾਨੂੰ ਮਾਯਾ ਵਿਚ ਖਚਿਤ ਹੋ ਜਾਣ ਤੋਂ ਰੋਕੇ ।

–ਵੀਰ ਸਿੰਘ

82

ਪਿਆਰੇ ਜੀਓ