ਪੰਨਾ:ਪਿਆਰੇ ਜੀਓ – ਭਾਈ ਵੀਰ ਸਿੰਘ.pdf/8

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

... ... ... 1910

ਪਿਆਰੇ ਜੀ,

ਭਾਈ ਨਰੈਣ ਸਿੰਘ ਜੀ ਦੇ ਰਾਜ਼ੀ ਹੋਣ ਦੀ ਖਬਰ ਤੇ ਖੁਸ਼ੀ ਹੋਈ। ਪਹਾੜ ਸੈਰ ਕਰਨ ਜਾਣਗੇ ਤਾਂ ਵਾਹਿਗੁਰੂ ਨੂੰ ਘਰ ਨਾ ਛੱਡ ਜਾਣ। ਸਾਵਧਾਨ ਰਹਿ ਕੇ ਜਪਣ। ਕਿਸੇ ਕੁਸੰਗੀ ਸਰੀਰ ਨਾਲ ਦਿਲੀ ਪਿਆਰ ਨੂੰ ਨਾ ਕਰਨ। (ਭਾਵ ਮੈਨੂੰ ਉਹ ਓਥੇ ਪ੍ਰਸਿਧ ਨਾ ਕਰੇ) ਸਰਦਾਰ ਜੀ ਦੀ dullness (ਬੱਝ) ਬਾਬਤ ਮੈਂ ਕੀ ਕਰਾਂ। ਹਰੇਕ ਨੂੰ ਆਪਣਾ ਫਿਕਰ ਆਪ ਕਰਨਾ ਚਾਹੀਦਾ ਹੈ। ਮੁਦਈ ਸੁਸਤ ਤੇ ਗਵਾਹ ਚੁਸਤ ਨਾਲ ਕੀ ਬਣੇ। ਹਠ ਕਰਕੇ ਪਾਠ ਕਰਨ ਤੇ ਜੋ ਭਾਰ ਸਹੇੜ ਆਂਦੇ ਨੇ ਸੋ ਧੋ ਕੇ ਕੱਢਣ: "ਬਿਨੁ ਬੈਰਾਗ ਨ ਛੂਟਸਿ ਮਾਇਆ।"

ਨਾਲੇ ਕੋਈ ਚੌਧਰੀ ਬਣੇ ਨਾਲੇ ਪਾਪੂਲਰ ਹੋਣ ਦਾ ਸ਼ੌਕ ਅੰਦਰ ਲੁਕਾ ਕੇ ਰਖੇ, ਫੇਰ ਚਾਹੇ ਕਿ ਧਰਮ ਵਿਚ ਵੀ ਸੁਆਦ ਪਿਆ ਆਵੇ, (ਇਹ ਔਖੀ ਖੇਡ ਹੈ)। ਉਪਰ ਮੈਂ ਕਹਿਆ ਹੈ ਹਠ ਕਰਕੇ ਬਾਣੀ ਪੜ੍ਹੇ, ਕੁਝ ਆਪਣੇ ਅੰਦਰ ਨਜ਼ਰ ਵਜੇ ਕਿ ਮੈਲ ਕਿੱਥੇ ਪਈ ਹੈ, ਉਸ ਨੂੰ ਕਢਿਆ ਜਾਵੇ। ਆਪ ਹਿੰਮਤ ਕਰਨੀ ਚਾਹੀਏ। ਮਦਦ ਉਸ ਨੂੰ ਕਾਰਗਰ ਹੈ ਜੋ ਆਪ ਹਿੰਮਤ ਕਰਦਾ ਹੈ, ਹਿੰਮਤ ਕਰਦਿਆਂ ਜਦ ਗਿਰਨ ਲਗਦਾ ਹੈ ਤਦ ਮਦਦ ਕਾਰਗਰ ਹੁੰਦੀ ਹੈ। ਤੇ ਜੇ ਕੋਈ ਹਿੰਮਤ ਹੀ ਨਾ ਕਰੇ ਤੇ ਲੰਮਾ ਹੀ ਪਿਆ ਰਹੇ ਤਦ ਮਦਦ ਕੀ ਸਵਾਰੇਗੀ, ਸਿਵਾਏ ਮਦਦਰ ਦੇ ਮੋਢੇ ਥਕਾਣ ਦੇ। ਪ੍ਰਯਤਨ ਦਾ ਮਾਦਾ ਇਨ੍ਹਾਂ ਵਿਚ ਵਧਾਓ ਨਹੀਂ ਤਾਂ ਤੁਸੀਂ ਮਦਦ ਕਰਕੇ ਹੁੱਟ ਜਾਇਆ ਕਰੋਗੋ:———

(ਉਨਾਂ ਨੂੰ ਸਮਝਾਓ ਕਿ ਕਿਵੇਂ ਆਪਣੀਆਂ ਲੱਤਾਂ ਤੇ ਖੜੇਈਦਾ ਹੈ, ਤੁਰਨ ਲਈ ਉਨ੍ਹਾਂ ਨੂੰ ਕਲਾ ਵਾਲਾ ਵਾਹਨ ਨਾ ਦਓ) ਇਹ ਮਦਦ ਨਹੀਂ ਸਗੋਂ ਘਾਟਾ ਹੈ। ਜਿਕੂੰ ਮਾਪੇ ਬੱਚੇ ਨੂੰ ਖੜੋਣਾਂ ਤੇ ਤੁਰਨਾ ਸਿਖਾਂਦੇ ਹਨ, ਠੀਕ ਉੱਕਰ ਗੁਰਮੁਖ ਕਰਦੇ ਹਨ। ਸਦਾ ਕੁੱਛੜ ਚਾਈ ਫਿਰਨ ਨਾਲ ਲੱਤਾਂ ਨਿਰਬਲ ਹੋ ਜਾਣਗੀਆਂ। ਜੇ ਚਿਤ ਨਾ ਲਗੇ ਤਦ ਹੋਰ ਹਿੰਮਤ, ਹੋਰ ਪਾਠ, ਹੋਰ ਸੇਵਾ, ਹੋਰ ਵੈਰਾਗ।

ਹਮ ਖ਼ੁਦਾ ਖ਼ਾਹੀ ਓ ਹਮ ਦੁਨੀਆਏ ਦੂੰ।
ਈਂ ਖਿਆਲ ਅਸਤੋਂ ਮੁਹਾਲ ਅਸਤੋ ਜਨੂੰ।

22

ਪਿਆਰੇ ਜੀਓ