ਸੁਤੰਤ੍ਰਤਾ ਦੀ ਦੇਵੀ
ਓਹੋ ਚੰਦ ਚੜਿਆ ਅਸਮਾਨੀ ਓਹੋ ਸੂਰਜ ਉਦੇ ਹੋਇਆ,
ਉਹ ਨਛਤਰ ਘੁੰਮਦੇ ਸਿਰ ਤੇ ਉਹੋ ਚਾਨਣ, ਉਹੋ ਲੋਇਆ ।
ਗ੍ਰਹਿ ਮਾਲਾ ਹੈ ਉਹੋ ਉਦਾਲੇ ਭਉਂਦੀ ਚੱਕਰ ਲਾਂਦੀ ਏ,
ਸੂਰਜ ਤੋਂ ਲੈ ਚਾਨਣ, ਚਾਨਣ ਦੁਆਲੇ ਵੰਡਦੀ ਜਾਂਦੀ ਏ।
ਰਿਸ਼ਮ ਰਿਸ਼ਮ ਪਰ ਇਸਦੀ ਤੱਕੋ 'ਤਾਣ' ਲਿਸ਼ਕ ਲਿਸ਼ਕੇ ਦੀ ਏ
ਛੁਹ ਅਪਨੀ ਲਾ ਲਾ ਕੇ ਨੈਣਾਂ ਜਾਂਦੀ ਤਾਣ ਭਰੇਂਦੀ ਏ।
ਪੌਣ ਜੁ ਸਦਾ ਉਦਾਲੇ ਰਹਿੰਦੀ ਉਹੋ ਪੌਣ ਪਈ ਘੁੱਲਦੀ ਏ
ਪਰ ਅੱਜ ਨਖਰੇ ਹੋਰ ਕਿਸੇ ਵਿਚ ਮੰਦ ਮੰਦ ਪਈ ਝੁਲਦੀ ਏ,
ਹਾਂ ਅਜ਼ ਜਫੀਆਂ ਪਾ ਪਾ ਮਿਲਦੀ ਭਰੀ ਉਮਾਹ ਵਿਚ ਆਂਦੀ ਬੋ
ਚੜਦੀ ਕਲਦੀ ਛੋਹ ਲਗਾਂਦੀ ਲਪਟ ਉਮਾਹ ਦੇ ਜਾਂਦੀ ਏ
ਧਰਤੀ ਉਹੋ, ਮਟਕ ਹੋਰ ਹੈ, ਘਾਹ ਇਸਦੇ ਵਿਚ ਦਮਕ ਰਹੀ,
ਓਹੋ ਪਾਣੀ ਲਹਰ ਲਹਰ ਪਰ, ਹੋਰ ਚਮਕ ਪਰ ਚਮਕ ਰਹੀ।
ਬਦਲ ਗਿਆ ਹੈ ਸੁਹਜ ਤ੍ਰਿਹਾ ਦਾ ਕਿਥੇ ਲੈ ਲਿਆ ਰੰਗ ਨਵਾਂ
ਮਾਣ ਭਰਿਆ ਜੋ ਆਖ ਰਿਹਾ ਹੈ-ਹੁਣ ਨਾ ਅੱਗੇ ਕਿਸੇ ਨਿਵਾ।
ਉਹੀ ਬਾਗ ਬਨ ਬੇਲੇ ਉਹੋ ਪਾਵਸ ਲਾਇ ਝੜੀ
ਪਰ ਠੰਢਕ ਅਜ ਰਹੇ ਵੰਨ ਦੀ ਹੋਰ ਸੁਆਦ ਇਕ ਜਾਇ ਭਰੀ।
ਆਪਾ ਸਤਿਕਾਰੇ ਹੈ ਆਪੇ ਮਿਠੀ ਨਾਲ ਫੁਹਾਰ ਪਵੇ:-
ਮਾਣ ਦੂਏ ਦਾ ਭੰਗ ਨ ਕਰਨਾ ਅਪਣਾ ਪਰ ਨਾ ਭੰਗ ਹੁਵੇ।
ਉਹੋ ਮਹਿਲ ਮਾੜੀਆਂ ਮੰਦਰ, ਸ਼ਹਿਰ ਗਿਰਾਂ ਤੇ ਬਸਤੀਆ ਓ,
ਓਹੋ ਪਰਬਤ ਬਰਫਾਂ ਕੱਜੇ, ਉਹੋ ਵਾਦੀਆਂ ਪਸਤੀਆਂ ਓ।
ਅਜ ਆਪਣੇ ਲਗਣ ਵਧੇਰੇ ਵਧ ਪਿਆਰੇ ਦਿਸਣ ਓ।